CSK vs MI:ਪਲੇਆਫ ਦੀਆਂ ਉਮੀਦਾਂ ਲਈ ਧੋਨੀ ਕੋਲ ਆਖ਼ਰੀ ਮੌਕਾ

05/12/2022 10:41:19 AM

ਮੁੰਬਈ (ਏਜੰਸੀ)- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਆਈ.ਪੀ.ਐੱਲ. ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਮੁੰਬਈ ਇੰਡੀਅਨਜ਼ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਟੂਰਨਾਮੈਂਟ ਦੇ 59ਵੇਂ ਮੈਚ 'ਚ ਆਖ਼ਰੀ ਮੌਕਾ ਹੋਵੇਗਾ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਹੀ ਚੇਨਈ ਦੀਆਂ ਉਮੀਦਾਂ ਬਾਕੀ ਮੈਚਾਂ 'ਚ ਬਰਕਰਾਰ ਰਹਿਣਗੀਆਂ। ਹਾਰਨ ਦੀ ਸੂਰਤ ਵਿੱਚ ਚੇਨਈ ਵੀ ਮੁੰਬਈ ਵਾਂਗ ਦੌੜ ਤੋਂ ਬਾਹਰ ਹੋ ਜਾਵੇਗੀ। ਚੇਨਈ ਦੇ 11 ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੱਠ ਅੰਕ ਹਨ ਅਤੇ ਉਹ ਮੁੰਬਈ ਤੋਂ ਇੱਕ ਸਥਾਨ ਉੱਪਰ ਸੂਚੀ ਵਿੱਚ ਨੌਵੇਂ ਸਥਾਨ 'ਤੇ ਹੈ। ਚੇਨਈ ਦੀ ਟੀਮ ਅਤੇ ਵਿਦੇਸ਼ੀ ਸਲਾਮੀ ਬੱਲੇਬਾਜ਼ ਦੀ ਅਨੋਖੀ ਪ੍ਰੇਮ ਕਹਾਣੀ ਰਹੀ ਹੈ। ਮੈਥਿਊ ਹੇਡਨ, ਮਾਈਕਲ ਹਸੀ, ਸ਼ੇਨ ਵਾਟਸਨ, ਫਾਫ ਡੂ ਪਲੇਸਿਸ ਤੋਂ ਬਾਅਦ ਡਿਵੇਨ ਕੋਨਵੇ ਇਸ ਸੂਚੀ 'ਚ ਸ਼ਾਮਲ ਹੋ ਗਏ ਹਨ। ਉਹ ਆਪਣੇ ਪਿਛਲੇ ਤਿੰਨ ਮੈਚਾਂ 'ਚ 87, 56 ਅਤੇ 85 ਦੌੜਾਂ ਬਣਾ ਕੇ ਸ਼ਾਨਦਾਰ ਫਾਰਮ 'ਚ ਹੈ।

ਖ਼ਾਸ ਤੌਰ 'ਤੇ ਸਪਿਨ ਦੇ ਖ਼ਿਲਾਫ਼ ਉਹ ਅੱਗ ਵਾਂਗ ਵਰ੍ਹੇ ਹਨ। ਸਪਿਨ ਦੇ ਖ਼ਿਲਾਫ਼, ਉਨ੍ਹਾਂ ਨੇ 196.55 ਦੀ ਸਟ੍ਰਾਈਕ ਰੇਟ ਨਾਲ 114 ਦੌੜਾਂ ਬਣਾਈਆਂ ਹਨ। ਖ਼ਰਾਬ ਦੌਰ ਵਿਚ ਗੁਜ਼ਰ ਰਹੀ ਮੁੰਬਈ ਦੀ ਟੀਮ 'ਚ ਟਿਮ ਡੇਵਿਡ ਇਕਲੌਤਾ ਚਮਕਦਾ ਸਿਤਾਰਾ ਹੈ। ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜਣ ਦੀ ਸਮਰੱਥਾ ਰੱਖਣ ਵਾਲੇ ਟਿਮ ਡੇਵਿਡ ਚੇਨਈ ਦੀ ਡੈਥ ਗੇਂਦਬਾਜ਼ੀ ਦੇ ਖ਼ਿਲਾਫ਼ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਮੀਦਾਂ ਦੇ ਉਲਟ, 2021 ਤੋਂ ਬਾਅਦ ਖੇਡੇ ਗਏ ਸਾਰੇ ਟੀ-20 ਮੈਚਾਂ ਵਿੱਚ ਸਪਿਨ ਦੇ ਖ਼ਿਲਾਫ਼ ਉਨ੍ਹਾਂ ਦੀ ਔਸਤ (40.88) ਬਹੁਤ ਵਧੀਆ ਰਹੀ ਹੈ। ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਮੁੰਬਈ ਦੇ ਈਸ਼ਾਨ ਕਿਸ਼ਨ ਨੇ ਹਾਲ ਹੀ ਦੇ ਮੈਚਾਂ ਵਿੱਚ 51 ਅਤੇ 45 ਦੌੜਾਂ ਬਣਾ ਕੇ ਆਪਣੀ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ। ਚੇਨਈ ਦੇ ਖ਼ਿਲਾਫ਼ ਉਨ੍ਹਾਂ ਨੇ 7 ਮੈਚਾਂ ਵਿੱਚ 34 ਦੀ ਔਸਤ ਨਾਲ 174 ਦੌੜਾਂ ਬਣਾਈਆਂ ਹਨ। ਪਾਵਰਪਲੇਅ ਵਿੱਚ ਵੀ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਹ ਇਸ ਸੀਜ਼ਨ ਵਿੱਚ ਪਹਿਲੇ 6 ਓਵਰਾਂ ਵਿੱਚ ਸਿਰਫ਼ 3 ਵਾਰ ਆਊਟ ਹੋਏ ਹਨ। ਵੈਸਟਇੰਡੀਜ਼ ਦੇ ਮਹਾਨ ਚੈਂਪੀਅਨ ਡਿਵੇਨ ਬ੍ਰਾਵੋ ਇਸ ਸੀਜ਼ਨ ਵਿੱਚ ਚੇਨਈ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।

ਬ੍ਰਾਵੋ ਨੇ IPL ਦੇ ਇਤਿਹਾਸ 'ਚ ਮੁੰਬਈ ਖ਼ਿਲਾਫ਼ 33 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਹ ਵਾਨਖੇੜੇ ਸਟੇਡੀਅਮ 'ਚ ਵੀ ਪ੍ਰਭਾਵਸ਼ਾਲੀ ਰਹੇ ਹਨ ਅਤੇ ਇਸ ਸੀਜ਼ਨ 'ਚ ਵਾਨਖੇੜੇ 'ਤੇ ਖੇਡੇ ਗਏ ਦੋ ਮੈਚਾਂ 'ਚ ਉਨ੍ਹਾਂ ਦੇ ਨਾਮ ਪੰਜ ਸਫ਼ਲਤਾਵਾਂ ਹਨ। ਮੁੰਬਈ ਦੇ ਕਪਤਾਨ ਰੋਹਿਤ ਭਾਵੇਂ ਹੀ ਇਸ ਸੀਜ਼ਨ 'ਚ ਲੈਅ ਵਿਚ ਨਜ਼ਰ ਨਹੀਂ ਆਏ ਹਨ, ਪਰ ਜਦੋਂ ਵਾਨਖੇੜੇ ਸਟੇਡੀਅਮ ਦੀ ਗੱਲ ਆਉਂਦੀ ਹੈ, ਉਦੋਂ ਉਨ੍ਹਾ ਦੇ ਬੱਲੇ ਤੋਂ ਦੌੜਾਂ ਦੀ ਉਮੀਦ ਕਰਨਾ ਜਾਇਜ਼ ਹੈ। ਰੋਹਿਤ ਨੇ ਇਸ ਮੈਦਾਨ 'ਤੇ ਟੀ-20 ਮੈਚਾਂ 'ਚ ਸਭ ਤੋਂ ਵੱਧ 1990 ਦੌੜਾਂ ਬਣਾਈਆਂ ਹਨ। ਇਸ ਮੈਦਾਨ 'ਤੇ ਖੇਡੇ ਗਏ ਪਿਛਲੇ 6 ਮੈਚਾਂ 'ਚ ਉਨ੍ਹਾਂ ਦੇ ਸਕੋਰ ਰਹੇ ਹਨ- 39, 71, 55, 24, 28, 47 ਅੱਠ ਮੈਚਾਂ 'ਚ 12 ਵਿਕਟਾਂ ਲੈ ਕੇ ਚੇਨਈ ਦੇ ਮਹੀਸ਼ ਥੀਕਸ਼ਨ ਆਈ.ਪੀ.ਐੱਲ. ਦੇ ਉਭਰਦੇ ਖਿਡਾਰੀ ਦੀ ਖਿਤਾਬ ਹਾਸਲ ਕਰਨ ਦੇ ਮਜ਼ਬੂਤ ​​ਦਾਅਵੇਦਾਰਾਂ 'ਚੋਂ ਇਕ ਹਨ। ਪਾਵਰਪਲੇ 'ਚ ਉਨ੍ਹਾਂ ਦੇ ਨਾਂ 6 ਵਿਕਟਾਂ ਹਨ, ਜੋ ਇਸ ਸੀਜ਼ਨ 'ਚ ਕਿਸੇ ਵੀ ਸਪਿਨਰ ਲਈ ਸਭ ਤੋਂ ਜ਼ਿਆਦਾ ਹਨ।


cherry

Content Editor

Related News