ਯਜੁਵੇਂਦਰ ਤੋਂ ਬਾਅਦ ਹੁਣ IPL ਖੇਡ ਰਹੇ ਇਸ ਕ੍ਰਿਕਟਰ ਦੀ ਚੋਣ ਮੈਦਾਨ 'ਚ ਐਂਟਰੀ, SRH ਦੇ ਹਨ ਆਲਰਾਊਂਡਰ ਖਿਡਾਰੀ
Friday, May 10, 2024 - 12:44 PM (IST)
ਸਪੋਰਟਸ ਡੈਸਕ- ਲੋਕ ਸਭਾ ਚੋਣਾਂ 'ਚ ਇਕ ਹੋਰ ਕ੍ਰਿਕਟਰ ਦੀ ਐਂਟਰੀ ਹੋ ਗਈ ਹੈ। ਕ੍ਰਿਕਟਰ ਯਜੁਵੇਂਦਰ ਸਿੰਘ ਚਾਹਲ ਤੋਂ ਬਾਅਦ ਹੁਣ ਕ੍ਰਿਕਟਰ ਸ਼ਾਹਬਾਜ਼ ਅਹਿਮਦ ਨੇ ਵੀ ਐਂਟਰੀ ਕੀਤੀ ਹੈ। ਉਨ੍ਹਾਂ ਨੂੰ ਹਰਿਆਣਾ ਦੇ ਨੂਹ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਹਰਿਆਣਾ ਦੇ ਨੂਹ 'ਚ ਪ੍ਰਸ਼ਾਸਨ ਨੇ ਯੁਵਾ ਆਈਕਨ ਕ੍ਰਿਕਟਰ ਸ਼ਾਹਬਾਜ਼ ਅਹਿਮਦ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਉਹ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਡੀਸੀ ਅਤੇ ਜ਼ਿਲ੍ਹਾ ਚੋਣ ਅਫ਼ਸਰ ਧਰਿੰਦਰ ਖੜਗਟਾ ਨੇ ਉਨ੍ਹਾਂ ਨੂੰ ਅੰਬੈਸਡਰ ਸਬੰਧੀ ਪੱਤਰ ਸੌਂਪਿਆ।
ਤੁਹਾਨੂੰ ਦੱਸ ਦੇਈਏ ਕਿ ਸ਼ਾਹਬਾਜ਼ ਅਹਿਮਦ ਆਈਪੀਐੱਲ ਵਿੱਚ ਆਰਸੀਬੀ (ਰਾਇਲ ਚੈਲੇਂਜਰ ਬੈਂਗਲੁਰੂ) ਲਈ ਖੇਡ ਰਹੇ ਹਨ। ਯੂਥ ਆਈਕਨ ਸ਼ਾਹਬਾਜ਼ ਨੂੰ 2024 ਦੀਆਂ ਆਮ ਚੋਣਾਂ ਵਿੱਚ ਵੋਟਿੰਗ ਗ੍ਰਾਫ਼ ਨੂੰ ਵਧਾਉਣ ਲਈ ਸਵੀਪ ਪ੍ਰੋਗਰਾਮ ਦੇ ਤਹਿਤ ਨੂਹ ਜ਼ਿਲ੍ਹੇ ਵਿੱਚ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਾਹਬਾਜ਼ ਦਾ ਪੂਰਾ ਨਾਂ ਸ਼ਾਹਬਾਜ਼ ਅਹਿਮਦ ਮੇਵਾਤੀ ਹੈ। ਉਹ ਹਰਿਆਣਾ ਦਾ ਵਸਨੀਕ ਹੈ, ਹਾਲਾਂਕਿ ਉਸ ਦਾ ਘਰ ਬੰਗਾਲ ਹੈ।
ਇਸ ਤੋਂ ਬਾਅਦ ਹੁਣ ਭਾਰਤੀ ਕ੍ਰਿਕਟਰ ਸ਼ਾਹਬਾਜ਼ ਅਹਿਮਦ 25 ਮਈ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਉਤਸ਼ਾਹ ਨਾਲ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਸ਼ਾਹਬਾਜ਼ ਅਹਿਮਦ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਹਿੰਦੀ ਭਾਸ਼ਾ ਤੋਂ ਇਲਾਵਾ ਠੇਠ ਮੇਵਾਤੀ ਭਾਸ਼ਾ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਵੋਟ ਸਾਡਾ ਸੰਵਿਧਾਨਕ ਅਧਿਕਾਰ ਹੈ ਅਤੇ ਹਰ 5 ਸਾਲ ਬਾਅਦ ਸਾਨੂੰ ਦੇਸ਼ ਵਿੱਚ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਇਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਪਾ ਕੇ ਦੇਸ਼ ਦੀ ਉਸਾਰੀ ਵਿਚ ਹਿੱਸਾ ਪਾਉਣ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਧਰਿੰਦਰ ਖੜਗਟਾ ਨੇ ਵੀਰਵਾਰ ਨੂੰ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੇ ਹਿੱਸੇ ਵਜੋਂ ਕ੍ਰਿਕਟਰ ਸ਼ਾਹਬਾਜ਼ ਅਹਿਮਦ ਨੂੰ ਜ਼ਿਲ੍ਹਾ ਬ੍ਰਾਂਡ ਅੰਬੈਸਡਰ ਦਾ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਕ੍ਰਿਕਟਰ ਸ਼ਾਹਬਾਜ਼ ਅਹਿਮਦ ਨੂੰ ਸਵੀਪ ਗਤੀਵਿਧੀਆਂ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।