ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ : ਸੀਰੀਜ਼ ਜਿੱਤਣ ਤੋਂ ਬਾਅਦ ਪਹਿਲੇ ਨੰਬਰ 'ਤੇ ਪਹੁੰਚਿਆ ਆਸਟਰੇਲੀਆ

12/03/2020 3:53:12 AM

ਕੈਨਬਰਾ- ਭਾਰਤ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਆਸਟਰੇਲੀਆ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦੀ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ ਭਾਰਤ 6ਵੇਂ ਸਥਾਨ 'ਤੇ ਹੈ। ਭਾਰਤ ਨੇ ਆਸਟਰੇਲੀਆ ਤੇ ਦੂਜੇ ਨੰਬਰ 'ਤੇ ਮੌਜੂਦ ਇੰਗਲੈਂਡ ਤੋਂ ਤਿੰਨ ਮੈਚ ਘੱਟ ਖੇਡੇ ਹਨ। ਆਸਟਰੇਲੀਆ ਨੇ ਸੀਰੀਜ਼ ਦੇ ਪਹਿਲੇ 2 ਮੈਚ ਜਿੱਤਣ ਦੇ ਨਾਲ ਹੀ ਵਨ ਡੇ ਸੀਰੀਜ਼ ਆਪਣੇ ਨਾਂ ਕਰ ਲਈ ਸੀ ਤੇ ਹੁਣ ਉਹ ਨੈੱਟ ਰਨ ਰੇਟ ਪਲੱਸ 0.357 ਦੇ ਨਾਲ ਟਾਪ 'ਤੇ ਪਹੁੰਚ ਗਈ ਹੈ। ਭਾਰਤ -0.717 ਨੈੱਟ ਰਨ ਰੇਟ ਦੇ ਨਾਲ 6ਵੇਂ ਨੰਬਰ 'ਤੇ ਹੈ। ਆਸਟਰੇਲੀਆ ਨੇ ਇਸ ਤੋਂ ਪਹਿਲਾਂ ਆਪਣੀ ਪਿਛਲੀ ਸੀਰੀਜ਼ ਇੰਗਲੈਂਡ ਵਿਰੁੱਧ 2-1 ਨਾਲ ਜਿੱਤੀ ਸੀ।
13 ਟੀਮਾਂ ਦੀ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਇਸ ਸਾਲ ਕੀਤੀ ਗਈ ਸੀ ਤਾਂਕਿ ਵਨ ਡੇ ਕ੍ਰਿਕਟ ਨੂੰ ਰੋਮਾਂਚਕ ਬਣਾਇਆ ਜਾ ਸਕੇ। ਇਸ 'ਚ ਸ਼ਾਮਲ ਟਾਪ 7 ਟੀਮਾਂ ਨੂੰ 2023 ਵਿਸ਼ਵ ਕੱਪ 'ਚ ਸਿੱਧੇ ਐਂਟਰੀ ਮਿਲੇਗੀ। ਮੇਜ਼ਬਾਨ ਹੋਣ ਦੇ ਨਾਤੇ ਭਾਰਤ ਨੂੰ ਸਿੱਧੇ ਹੀ 50 ਓਵਰਾਂ ਦੇ ਕ੍ਰਿਕਟ ਵਿਸ਼ਵ ਕੱਪ-2023 'ਚ ਐਂਟਰੀ ਮਿਲ ਜਾਵੇਗੀ।
ਸੀਰੀਜ਼ ਦੇ ਆਪਣੇ ਪਹਿਲੇ ਮੈਚ 'ਚ ਖੇਡਣ ਉਤਰੇ ਸ਼ਾਰਦੁਲ ਠਾਕੁਰ ਨੇ 51 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਨੇ ਬੁੱਧਵਾਰ ਨੂੰ ਵਨ ਡੇ ਸੀਰੀਜ਼ ਦੇ ਆਖਰੀ ਮੈਚ 'ਚ ਆਸਟਰੇਲੀਆ ਨੂੰ 13 ਦੌੜਾਂ ਨਾਲ ਹਰਾ ਦਿੱਤਾ।


Gurdeep Singh

Content Editor

Related News