ਦੁਨੀਆ ਭਰ 'ਚ ਕ੍ਰਿਕਟ ਰੁਕੀ ਪਰ ਭ੍ਰਿਸ਼ਟਾਚਾਰ ਨਹੀਂ : ICC

Monday, Apr 20, 2020 - 07:13 PM (IST)

ਦੁਨੀਆ ਭਰ 'ਚ ਕ੍ਰਿਕਟ ਰੁਕੀ ਪਰ ਭ੍ਰਿਸ਼ਟਾਚਾਰ ਨਹੀਂ : ICC

ਲੰਡਨ— ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਣ ਕ੍ਰਿਕਟ ਸਮੇਤ ਖੇਡ ਜਗਤ ਦੇ ਸਾਰੇ ਟੂਰਨਾਮੈਂਟ ਟਾਲੇ ਜਾਂ ਰੱਦ ਕਰ ਦਿੱਤੇ ਗਏ ਹਨ। ਵਿਸ਼ਵ ਦੀ ਇਕ ਤਿਹਾਈ ਆਬਾਦੀ ਲਾਕਡਾਊਨ ਕਾਰਣ ਘਰਾਂ ਵਿਚ ਕੈਦ ਹੈ। ਅਜਿਹੇ ਸਮੇਂ ਵਿਚ ਆਈ. ਸੀ. ਸੀ. ਨੇ ਸਾਰੇ ਕ੍ਰਿਕਟਰਾਂ ਨੂੰ ਮੈਚ ਫਿਕਸਰਾਂ ਤੇ ਭ੍ਰਿਸ਼ਟਾਚਾਰੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਆਈ. ਸੀ. ਸੀ. ਦੇ ਐਂਟੀ ਕੁਰੱਪਸ਼ਨ ਯੂਨਿਟ (ਏ. ਸੀ. ਯੂ.) ਦੇ ਚੀਫ ਅਲੈਕਸ ਮਾਰਸ਼ਲ ਨੇ ਇਹ ਗੱਲ ਕਹੀ। ਆਈ. ਸੀ. ਸੀ. ਚਿਤਾਵਨੀ ਪਰ ਬੀ. ਸੀ. ਸੀ. ਆਈ. ਨੇ ਕਿਹਾ ਕਿ ਭਾਰਤ ਵਿਚ ਸਭ ਕੁਝ ਕੰਟਰੋਲ ਵਿਚ ਹੈ। ਐਲਕਸ ਨੇ ਕਿਹਾ ਕਿ ਕੋਵਿਡ-19 ਕਾਰਣ ਦੁਨੀਆ ਭਰ ਵਿਚ ਕੌਮਾਂਤਰੀ, ਘਰੇਲੂ ਸਮੇਤ ਸਾਰੇ ਖੇਡ ਟੂਰਨਾਮੈਂਟ ਅਸਥਾਈ ਤੌਰ 'ਤੇ ਰੋਕ ਦਿੱਤੇ ਗਏ ਹਨ ਪਰ ਭ੍ਰਿਸ਼ਟਾਚਾਰੀ ਅਜੇ ਵੀ ਸਰਗਰਮ ਹਨ। ਨਤੀਜੇ ਵਜੋਂ ਸਾਡਾ ਕੰਮ ਸਾਰੇ ਮੈਂਬਰਾਂ, ਖਿਡਾਰੀਆਂ, ਐਸੋਸੀਏਸ਼ਨ ਤੇ ਏਜੰਟਾਂ ਨੂੰ ਚੌਕਸ ਕਰਨਾ ਹੈ। ਅਸੀਂ ਇਨ੍ਹਾਂ ਸਾਰਿਆਂ ਨਾਲ ਗੱਲ ਕਰ ਕੇ ਸੰਪਰਕ ਕਰ ਰਹੇ ਹਾਂ।
ਏਸ਼ੀਆ ਕੱਪ ਤੇ ਟੀ-20 ਵਿਸ਼ਵ ਕੱਪ 'ਤੇ ਵੀ ਖਤਰਾ
ਕੋਰੋਨਾ ਵਾਇਰਸ ਕਾਰਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸਮੇਤ ਜੂਨ ਤਕ ਦੇ ਸਾਰੇ ਕ੍ਰਿਕਟ ਟੂਰਨਾਮੈਂਟ ਟਾਲ ਦਿੱਤੇ ਗਏ ਹਨ। ਇਸ ਸਾਲ ਆਸਟਰੇਲੀਆ ਵਿਚ ਟੀ-20 ਵਿਸ਼ਵ ਕੱਪ ਤੇ ਯੂ. ਏ. ਈ. ਵਿਚ ਹੋਣ ਵਾਲੇ ਏਸ਼ੀਆ ਕੱਪ 'ਤੇ ਵੀ ਸਸਪੈਂਸ ਬਰਕਰਾਰ ਹੈ। ਇਨ੍ਹਾਂ 2 ਵੱਡੇ ਟੂਰਨਾਮੈਂਟ ਤੋਂ ਇਲਾਵਾ ਭਾਰਤੀ ਟੀਮ ਨੂੰ ਜੂਨ -ਜੁਲਾਈ ਵਿਚ ਸ਼੍ਰੀਲੰਕਾ ਵਿਚ ਉਸੇ ਦੇ ਘਰ 3 ਵਨ ਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਅਗਸਤ ਵਿਚ ਜ਼ਿੰਬਾਬਵੇ ਦੌਰੇ 'ਤੇ 3 ਵਨ ਡੇ ਖੇਡਣੇ ਹਨ। ਸਾਲ ਦੇ ਆਖਿਰ ਵਿਚ ਆਸਟਰੇਲੀਆ ਵਿਚ ਹੀ 4 ਟੈਸਟ ਤੇ 3 ਵਨ ਡੇ ਵੀ ਖੇਡਣੇ ਹਨ।


author

Gurdeep Singh

Content Editor

Related News