ਕ੍ਰਿਕਟ ਦੇ ਦੀਵਾਨੇ ਨਹੀਂ ਮਨਾਉਣਗੇ ਹਨੀਮੂਨ, 42 ਫੀਸਦੀ ਲੋਕਾਂ ਨੇ ਸਪੋਰਟਸ ਨੂੰ ਮੰਨਿਆ ਫਰਸਟ ਲਵ
Thursday, Nov 28, 2019 - 03:52 PM (IST)

ਨਵੀਂ ਦਿੱਲੀ : ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਭਾਰਤੀ ਪ੍ਰਸ਼ੰਸਕਾਂ ਵਿਚ ਕ੍ਰਿਕਟ ਨੂੰ ਲੈ ਕੇ ਦੀਵਾਨਗੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕਈ ਵਾਰ ਤਾਂ ਇਹ ਦੀਵਾਨਗੀ ਇੰਨੀ ਵੱਧ ਜਾਂਦੀ ਹੈ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਮਿਲਣ ਜਾਂ ਛੂਹਣ ਲਈ ਸੁਰੱਖਿਆ ਘੇਰਾ ਤੋਡ਼ ਕੇ ਮੈਦਾਨ ਵਿਚ ਪਹੁੰਚ ਜਾਂਦੇ ਹਨ।ਉਹ ਹਰ ਮੈਚ ਦੌਰਾਨ ਸਟੇਡੀਅਮ ਵਿਚ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਚੀਅਰ ਕਰਦੇ ਦਿਸਦੇ ਹਨ। ਜੇਕਰ ਮੁਕਾਬਲਾ ਸੈਮੀਫਾਈਨਲ ਜਾਂ ਫਾਈਨਲ ਦਾ ਹੋਵੇ ਤਾਂ ਮਹੀਨਿਆਂ ਪਹਿਲਾਂ ਹੀ ਮੈਚ ਦੀਆਂ ਟਿਕਟਾਂ ਬੁਕ ਹੋ ਜਾਂਦੀਆਂ ਹਨ। ਭਾਰਤੀ ਲੋਕਾਂ ਵਿਚ ਮੈਚ ਦੇਖਣ ਦੀ ਦੀਵਾਨਗੀ ਇੰਨੀ ਹੁੰਦੀ ਹੈ ਕਿ ਉਹ ਬਲੈਕ 'ਚ ਟਿਕਟ ਖਰੀਦਣ ਤੋਂ ਵੀ ਨਹੀਂ ਝਿਝਕਦੇ। ਬੁੱਧਵਾਰ ਨੂੰ ਇਕ ਵੈਬਸਾਈਟ ਵੱਲੋਂ ਸਰਵੇ ਕੀਤਾ ਗਿਆ ਜਿਸ ਤੋਂ ਹੈਰਾਨੀ ਜਨਕ ਅੰਕੜੇ ਸਾਹਮਣੇ ਆਏ ਹਨ। ਸਰਵੇ ਤੋਂ ਇਹ ਪਤਾ ਚੱਲਿਆ ਹੈ ਕਿ 42 ਫੀਸਦੀ ਭਾਰਤੀ ਪ੍ਰਸ਼ੰਸਕ ਕ੍ਰਿਕਟ ਦੀ ਵਜ੍ਹਾ ਤੋਂ ਆਪਣਾ ਹਨੀਮੂਨ ਕੈਂਸਲ ਕਰਨ ਲਈ ਤਿਆਰ ਹਨ। ਸਰਵੇ ਦੀ ਮੰਨੀਏ ਤਾਂ ਭਾਰਤੀ ਪ੍ਰਸ਼ੰਸਕ ਕ੍ਰਿਕਟ ਨੂੰ ਲੈ ਕੇ ਬੇਹੱਦ ਜਨੂੰਨੀ ਹੁੰਦੇ ਹਨ ਅਤੇ ਸੈਮੀਫਾਈਨਲ-ਫਾਈਨਲ ਹੋਣ ਦੀ ਸਥਿਤੀ ਵਿਚ ਉਹ ਹਨੀਮੂਨ ਅਤੇ ਨੌਕਰੀ ਛੱਡਣ ਲਈ ਵੀ ਤਿਆਰ ਹੋ ਜਾਂਦੇ ਹਨ।
ਸਰਵੇ ਕਰਾਉਣ ਵਾਲੀ ਵੈਬਸਾਈਟ ਬੁਕਿੰਗ ਡਾਟ ਕਾਮ ਦੇ ਭਾਰਤ, ਸ਼੍ਰੀਲੰਕਾ ਅਤੇ ਮਾਲਦੀਵ ਦੇ ਮੈਨੇਜਰ ਨੇ ਦੱਸਿਆ ਕਿ ਅਗਲਾ ਸਾਲ ਖੇਡਾਂ ਲਈ ਸ਼ਾਨਦਾਰ ਸਾਲ ਹੋਵੇਗਾ। ਕੌਮਾਂਤਰੀ ਕ੍ਰਿਕਟ ਅਤੇ ਐਥਲੈਟਿਕਸ ਟੂਰਨਾਮੈਂਟ 2020 ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਜਿਹੇ 'ਚ ਜੇਕਰ ਭਾਰਤੀ ਕ੍ਰਿਕਟ ਟੀਮ 2020 ਟੀ-20 ਵਰਲਡ ਕੱਪ ਵਿਚ ਫਾਈਨਲ 'ਚ ਪਹੁੰਚਦੀ ਹੈ ਤਾਂ 41 ਫੀਸਦੀ ਭਾਰਤੀ ਆਪਣੀ ਨੌਕਰੀ ਗੁਆ ਦੇਣਗੇ । ਉੱਥੇ ਹੀ 42 ਫੀਸਦੀ ਭਾਰਤੀਆਂ ਨੂੰ ਆਪਣਾ ਹਨੀਮੂਨ ਰੱਦ ਕਰਨਾ ਪਵੇਗਾ। ਇਸ ਤੋਂ ਇਲਾਵਾ 37 ਫੀਸਦੀ ਭਾਰਤੀ ਪ੍ਰਸ਼ੰਸਕਾਂ ਨੇ ਮੰਨਿਆ ਹੈ ਕਿ ਪਰਿਵਾਰ ਨਾਲ ਵਕੇਸ਼ਨ ਤੋਂ ਜ਼ਿਆਦਾ ਮਜ਼ਾ ਸਪੋਰਟਸ ਦੇਖਣ ਲਈ ਟੂਰ ਕਰਨ 'ਚ ਆਉਂਦਾ ਹੈ। ਦੱਸ ਦਈਏ ਕਿ ਸਰਵੇ ਕਰਾਉਣ ਵਾਲੀ ਵੈਬਸਾਈਟ ਨੇ ਇਹ ਸਰਵੇ 22,603 ਸਪੋਰਟਸ ਪ੍ਰਸ਼ੰਸਕਾਂ ਵਿਚਾਲੇ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18-29 ਸਾਲ ਦੇ ਵਿਚਾਲੇ ਸੀ। ਕ੍ਰਿਕਟ ਤੋਂ ਇਲਾਵਾ ਫੁੱਟਬਾਲ, ਟੈਨਿਸ, ਹਾਕੀ ਅਤੇ ਦੂਜੇ ਖੇਡਾਂ ਨੂੰ ਲੈ ਕੇ ਵੀ ਇੱਥੇ ਪ੍ਰਸ਼ੰਸਕਾਂ ਨੇ ਆਪਣੇ ਵਿਚਾਰ ਰੱਖੇ ਹਨ।
ਦੱਸ ਦਈਏ ਕਿ ਭਾਰਤੀ ਟੀਮ ਨੂੰ ਸਾਲ 2020 ਵਿਚ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਖੇਡਣਾ ਹੈ। ਇੰਗਲੈਂਡ ਵਿਚ ਵਰਲਡ ਕੱਪ ਸੈਮੀਫਾਈਨਲ ਵਿਚ ਹਾਰ ਝੱਲਣ ਤੋਂ ਬਾਅਦ ਭਾਰਤੀ ਖਿਡਾਰੀ ਟੀ-20 ਵਰਲਡ ਕੱਪ ਵਿਚ ਬਿਹਤਰ ਖੇਡ ਦਿਖਾ ਕੇ ਵਰਲਡ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰਨਗੇ। 2019 ਵਰਲਡ ਕੱਪ ਵਿਚ ਭਾਰਤ ਨੇ ਦੂਜੀਆਂ ਟੀਮਾਂ ਦੇ ਮੁਕਾਬਲੇ ਜ਼ਿਆਦਾ ਮੈਚ ਜਿੱਤੇ ਸੀ ਪਰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਕਾਰਣ ਉਨ੍ਹਾਂ ਨੂੰ ਵਰਲਡ ਕੱਪ 'ਚੋਂ ਬਾਹਰ ਹੋਣਾ ਪਿਆ ਸੀ। ਇਹੀ ਕਾਰਣ ਹੈ ਕਿ ਭਾਰਤੀ ਪ੍ਰਸ਼ੰਸਕਾਂ ਵਿਚ ਹੁਣ ਆਪਣੀ ਚਹੇਤੀ ਟੀਮ ਇੰਡੀਆ ਨੂੰ ਲੈ ਕੇ ਹੋਰ ਵੀ ਉਮੀਦਾਂ ਵੱਧ ਗਈਆਂ ਹਨ।