ਇਸ ਟੀਮ ਨੇ 12 ਮਿੰਟਾਂ ਅਤੇ 4 ਓਵਰਾਂ ''ਚ ਹੀ ਮੈਚ ਜਿੱਤ ਕੇ ਕ੍ਰਿਕਟ ਜਗਤ ਨੂੰ ਕੀਤਾ ਹੈਰਾਨ
Wednesday, Jul 25, 2018 - 01:06 PM (IST)

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਦੀ ਖੇਡ 'ਚ ਕੁਝ ਅਜਿਹੇ ਹੈਰਾਨ ਕਰ ਦੇਣ ਵਾਲੇ ਮੈਚ ਦੇਖਣ ਨੂੰ ਮਿਲਦੇ ਹਨ ਕਿ ਜਿੰਨਾ ਨੂੰ ਭੁਲਾਇਆ ਨਹੀਂ ਜਾ ਸਕਦਾ। ਅਜਿਹਾ ਹੀ ਇਕ ਮੈਚ ਲੰਡਨ 'ਚ ਖੇਡਿਆ ਗਿਆ। ਦੋ ਕਲੱਬਾਂ ਵਿਚਾਲੇ ਖੇਡੇ ਗਏ ਇਸ ਮੈਚ ਦੇ ਸਕੋਰ ਬੋਰਡ ਨੂੰ ਜਾਣਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਪਹਿਲੀ ਟੀਮ 50 ਮਿੰਟਾਂ ਦੇ ਅੰਦਰ ਹੀ 18 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਵਿਰੋਧੀ ਟੀਮ ਨੇ 12 ਮਿੰਟਾਂ 'ਚ ਹੀ ਇਸ ਮੈਚ ਨੂੰ ਜਿੱਤ ਲਿਆ।
ਬੈਕੇਨਹੇਮ ਸੀ.ਸੀ. ਅਤੇ ਬੇਕਸਲੇ ਸੀ.ਸੀ. ਵਿਚਾਲੇ ਇਹ ਮੁਕਾਬਲਾ ਖੇਡਿਆ ਗਿਆ। ਦੋਵੇਂ ਕਲੱਬ ਪੱਧਰੀ ਟੀਮਾਂ ਨੇ ਇਹ ਬਿਲਕੁਲ ਵੀ ਨਹੀਂ ਸੋਚਿਆ ਹੋਵੇਗਾ ਕਿ ਇਹ ਮੈਚ ਇਤਿਹਾਸਕ ਬਣ ਜਾਵੇਗਾ। ਬੈਕੇਨਹੇਮ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 11.2 ਓਵਰਾਂ 'ਚ 18 ਦੌੜਾਂ 'ਤੇ ਆਲਆਊਟ ਹੋ ਗਈ। ਟੀਮ ਦੀ ਖਰਾਬ ਬੱਲੇਬਾਜ਼ੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਸੀ ਕਿ ਟੀਮ ਦਾ ਕੋਈ ਵੀ ਬੱਲੇਬਾਜ਼ 5 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਨਹੀਂ ਖੇਡ ਸਕਿਆ।
ਟੀਮ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਕੈਲਮ ਲੇਨਾਕਸ, ਐਲੈਕਜ਼ੈਂਡਰ ਸੇਨ, ਵਿਲੀਅਮ ਮੈਕ ਵਿਕਰ ਨੇ ਖੇਡੀ। ਇਨ੍ਹਾਂ ਤਿੰਨਾਂ ਨੇ ਵੀ 4-4 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟੀਮ ਦੇ 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ ਸਕੇ ਅਤੇ ਤਿੰਨ ਖਿਡਾਰੀ 1-1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਬੈਕਸਲੇ ਵੱਲੋਂ ਕੈਲਮ ਮੈਕਲਾਡਨ 6 ਅਤੇ ਜੇਸਨ ਬੇਨ ਨੇ 4 ਵਿਕਟਾਂ ਹਾਸਲ ਕੀਤੀਆਂ।
ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੈਕਸਲੇ ਦੀ ਟੀਮ ਨੇ ਮੈਚ ਸਿਰਫ 12 ਮਿੰਟਾਂ 'ਚ 9 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਬੈਕਸਲੇ ਵੱਲੋਂ ਐਡੇਨ ਗ੍ਰਿਗਸ ਨੇ 12 ਅਤੇ ਕ੍ਰਿਸਟੋਫਰ ਲਾਸ ਨੇ 4 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਹਾਂ ਨੇ ਸਿਰਫ 3.3 ਓਵਰਾਂ 'ਚ ਹੀ ਮੈਚ ਜਿਤਾ ਦਿੱਤਾ ਅਤੇ ਇਤਿਹਾਸ ਰਚ ਦਿੱਤਾ।