ਅਜਿਹੇ 5 ਕ੍ਰਿਕਟਰ ਜਿਨ੍ਹਾਂ ਨੂੰ ਖੇਡ ਦੌਰਾਨ ਹਾਦਸੇ ''ਚ ਗੁਆਉਣੀ ਪਈ ਆਪਣੀ ਜਾਨ

12/17/2019 2:52:58 PM

ਸਪੋਰਟਸ ਡੈਸਕ— ਸਾਰੀ ਦੁਨੀਆ 'ਚ ਕ੍ਰਿਕਟ ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਨੂੰ ਲੈ ਕੇ ਲੋਕਾਂ ਦਾ ਜਨੂੰਨ ਅਤੇ ਸਮਰਥਨ ਹੀ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ, ਹਾਲਾਂਕਿ ਕਈ ਵਾਰ ਬੱਲੇਬਾਜ਼ਾਂ ਲਈ ਕ੍ਰੀਜ਼ 'ਤੇ ਗੇਂਦਬਾਜ਼ਾਂ ਦੀ ਤੇਜ਼ ਰਫਤਾਰ ਦਾ ਸਾਹਮਣਾ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਰਹਿੰਦਾ। ਇਸ ਖੇਡ ਨੇ ਕਈ ਲੋਕਾਂ ਨੂੰ ਜ਼ਿੰਦਗੀ 'ਚ ਦੌਲਤ, ਸ਼ੌਹਰਤ ਅਤੇ ਸਨਮਾਨ ਦਿੱਤਾ ਅਤੇ ਕਈਆਂ ਨੂੰ ਮੌਤ ਵੀ ਦਿੱਤੀ। ਅੱਜ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਅਜਿਹੇ 5 ਕ੍ਰਿਕਟਰ ਬਾਰੇ ਜੋ ਮੈਦਾਨ 'ਤੇ ਆਏ, ਕ੍ਰਿਕਟ ਖੇਡੇ, ਪਰ ਫਿਰ ਵਾਪਸ ਨਹੀਂ ਪਰਤ ਸਕੇ।

ਭਾਰਤ ਦੇ ਰਮਨ ਲਾਂਬਾ
ਇਸ ਕ੍ਰਿਕਟਰ ਦੀ ਮੌਤ 1998 'ਚ ਕਲੱਬ ਮੈਚ ਦੇ ਦੌਰਾਨ ਢਾਕਾ 'ਚ ਫੀਲਡਿੰਗ ਕਰਦੇ ਹੋਏ ਹੋਈ ਸੀ। ਅਬਾਹਾਨੀ ਦੇ ਕਪਤਾਨ ਖਾਲਿਦ ਮਸੂਦ ਨੇ ਲਾਂਬਾ ਨੂੰ ਸ਼ਾਰਟ ਲੈੱਗ 'ਤੇ ਲਾਇਆ ਸੀ। ਓਵਰ ਦੀਆਂ ਤਿੰਨ ਗੇਂਦਾਂ ਬਚੀਆਂ ਸਨ ਅਤੇ ਕਪਤਾਨ ਨੇ ਲਾਂਬਾ ਨੂੰ ਹੈਲਮਟ ਪਹਿਨਣ ਲਈ ਕਿਹਾ, ਪਰ ਲਾਂਬਾ ਨੇ ਇਹ ਕਹਿੰਦੇ ਹੋਏ ਹੈਲਮਟ ਪਹਿਨਣ ਤੋਂ ਮਨ੍ਹਾਂ ਕਰ ਦਿੱਤਾ ਕਿ ਓਵਰ 'ਚ ਤਿੰਨ ਹੀ ਗੇਂਦਾਂ ਬਚੀਆਂ ਹਨ। ਗੇਂਦਬਾਜ਼ ਸੈਫੁੱਲ੍ਹਾ ਖਾਨ ਨੇ ਗੇਂਦ ਕਰਾਈ ਜੋ ਸ਼ਾਰਟ ਸੀ ਅਤੇ ਬੱਲੇਬਾਜ਼ ਮਹਿਰਾਬ ਹੁਸੈਨ ਨੇ ਉਸ 'ਤੇ ਤਗੜਾ ਸ਼ਾਟ ਲਾਇਆ। ਗੇਂਦ ਕੋਲ ਖੜ੍ਹੇ ਲਾਂਬੇ ਦੇ ਸਿਰ 'ਤੇ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਹ ਤਿੰਨ ਦਿਨ ਤਕ ਬੇਹੋਸ਼ ਰਹੇ ਅਤੇ 23 ਫਰਵਰੀ ਨੂੰ ਢਾਕਾ ਦੇ ਪੋਸਟ ਗਰੈਜੁਏਟ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ।
PunjabKesari
ਆਸਟਰੇਲੀਆ ਦੇ ਫਿਲੀਪ ਹਿਊਜ਼
ਆਸਟਰੇਲੀਆ ਦੇ ਯੁਵਾ ਬੱਲੇਬਾਜ਼ ਫਿਲਿਪ ਹਿਊਜ ਦੀ ਮੌਤ ਹਰ ਕ੍ਰਿਕਟ ਪ੍ਰਸ਼ੰਸਕ ਦੇ ਦਿਮਾਗ 'ਚ ਤਾਜ਼ਾ ਹੋਵੇਗੀ। ਇਸ ਖਿਡਾਰੀ 'ਤੇ ਮੈਦਾਨ 'ਚ ਗੇਂਦ ਲੱਗਣ ਨਾਲ ਦਿਹਾਂਤ ਹੋਣ ਦੇ ਬਾਅਦ ਕ੍ਰਿਕਟ ਦੀ ਦੁਨੀਆ ਹੈਰਾਨ ਰਹਿ ਗਈ। 30 ਨਵੰਬਰ, 1988 ਨੂੰ ਆਸਟਰੇਲੀਆ 'ਚ ਪੈਦਾ ਹੋਣ ਵਾਲੇ ਫਿਲਿਪ ਹਿਊਜ 27 ਨਵੰਬਰ 2014 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। 25 ਨਵੰਬਰ, 2014 ਨੂੰ ਆਸਟਰੇਲੀਆ ਦੀ ਘਰੇਲੂ ਸ਼ੇਫੀਲਡ ਸ਼ੀਲਡ ਦੇ ਦੌਰਾਨ ਫਿਲਿਪ ਹਿਊਜ ਦੇ ਪਿੱਛੇ ਤੇਜ਼ ਬਾਊਂਸਰ ਲੱਗ ਗਈ। ਇਸ ਸੱਟ ਦੇ ਤੁਰੰਤ ਬਾਅਦ ਉਹ ਹੇਠਾਂ ਡਿੱਗ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ 27 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
PunjabKesari
ਪਾਕਿਸਤਾਨ ਦੇ ਜੁਲਫਿਕਾਰ ਭੱਟੀ
ਜੁਲਫਿਕਾਰ ਭੱਟੀ ਪਾਕਿਸਤਾਨ ਦੇ ਇਕ ਘਰੇਲੂ ਕ੍ਰਿਕਟਰ ਸਨ, ਜਿਨ੍ਹਾਂ ਨੂੰ ਮੈਦਾਨ 'ਤੇ ਖੇਡਣ ਦੇ ਦੌਰਾਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਰਹੇ ਜੁਲਫਿਕਾਰ ਭੱਟੀ ਦਾ ਇਕ ਘਰੇਲੂ ਟੂਰਨਾਮੈਂਟ ਦੇ ਦੌਰਾਨ ਸੀਨੇ 'ਤੇ ਗੇਂਦ ਲੱਗਣ ਨਾਲ ਦਿਹਾਂਤ ਹੋ ਗਿਆ। ਗੇਂਦ ਲੱਗਣ ਦੇ ਬਾਅਦ ਜੁਲਫਿਕਾਰ ਉੱਥੇ ਹੀ ਡਿੱਗ ਪਏ। ਹਸਪਤਾਲ ਲਿਜਾਉਂਦੇ ਹੋਏ 22 ਸਾਲਾ ਇਸ ਕ੍ਰਿਕਟਰ ਦੀ ਰਸਤੇ 'ਚ ਹੀ ਮੌਤ ਹੋ ਗਈ।
PunjabKesari
ਇੰਗਲੈਂਡ ਦੇ ਜਾਰਜ ਸਮਰਸ
ਸਮਰਸ ਇਕ ਅਜਿਹੇ ਕ੍ਰਿਕਟਰ ਸਨ, ਜਿਨ੍ਹਾਂ ਨੇ ਬਸ ਪਹਿਲੇ ਦਰਜੇ ਦੀ ਹੀ ਕ੍ਰਿਕਟ ਖੇਡੀ ਸੀ। ਉਹ ਨਾਟਿੰਘਮਸ਼ਾਇਰ ਦੇ ਖਿਡਾਰੀ ਸਨ। 1870 'ਚ ਲਾਰਡਸ 'ਤੇ ਐੱਮ. ਸੀ. ਸੀ. ਖਿਲਾਫ ਖੇਡਦੇ ਹੋਏ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ ਜਾਨ ਪਲੈਟਸ ਦੀ ਗੇਂਦ ਸਿਰ 'ਤੇ ਲੱਗੀ। ਹਾਲਾਂਕਿ ਉਸ ਸਮੇਂ ਉਹ ਠੀਕ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ, ਪਰ ਬਾਅਦ 'ਚ ਇਹ ਫੈਸਲਾ ਗਲਤ ਸਾਬਤ ਹੋਇਆ, ਕਿਉਂਕਿ ਚਾਰ ਦਿਨ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।
PunjabKesari
ਪਾਕਿਸਤਾਨ ਦੇ ਅਬਦੁਲ ਅਜੀਜ਼
ਅਬਦੁਲ ਅਜ਼ੀਜ ਨੇ ਕਰਾਚੀ ਲਈ ਅੱਠ ਪਹਿਲੇ ਦਰਜੇ ਦੇ ਮੈਚ ਖੇਡੇ। ਉਹ ਵਿਕਟਕੀਪਿੰਗ ਬੱਲੇਬਾਜ਼ ਸਨ। ਕਾਇਦ-ਏ-ਆਜ਼ਮ ਫਾਈਨਲ 'ਚ ਖੇਡਦੇ ਹੋਏ ਉਨ੍ਹਾਂ ਨੂੰ ਆਫ ਸਪਿਨਰ ਦਿਲਦਾਰ ਅਵਾਨ ਦੀ ਗੇਂਦ ਦਿਲ ਦੇ ਕੋਲ ਲੱਗੀ। ਉਸ ਸਮੇਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ, ਪਰ ਅਗਲੀ ਗੇਂਦ ਖੇਡਦੇ ਹੀ ਉਹ ਹੇਠਾਂ ਡਿੱਗ ਪਏ ਅਤੇ ਫਿਰ ਕਦੀ ਨਹੀਂ ਉੱਠੇ। ਉਨ੍ਹਾਂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨਿਆ ਗਿਆ।

PunjabKesari


Tarsem Singh

Content Editor

Related News