ਠੰਢ ’ਤੇ ਭਾਰੂ ਪਈ ਆਸਥਾ : ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਸੰਗਤ
Friday, Jan 16, 2026 - 08:53 AM (IST)
ਅੰਮ੍ਰਿਤਸਰ (ਸਰਬਜੀਤ) - ਪੰਜਾਬ ਭਰ ਵਿਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਆਸਥਾ ਅੱਗੇ ਮੌਸਮ ਬੇਵੱਸ ਨਜ਼ਰ ਆਇਆ। ਮਾਘੀ ਦੇ ਪਵਿੱਤਰ ਦਿਹਾੜੇ ਤੋਂ ਅਗਲੇ ਦਿਨ ਵੀ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸੰਗਤਾਂ ਦਾ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਅੰਮ੍ਰਿਤ ਵੇਲੇ ਤੋਂ ਹੀ ਦਰਬਾਰ ਸਾਹਿਬ ਦੀਆਂ ਪਰਿਕ੍ਰਮਾ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਵੱਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਠੰਢ ਤੋਂ ਬਚਾਅ ਲਈ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਉਪਰਾਲੇ ਨਾਲ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਮਿਲੇਗੀ ਜ਼ਮੀਨ/ਫਲੈਟ ਦੀ ਰਜਿਸਟਰੀ ਦੀ ਸਹੂਲਤ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਸ਼ਰਧਾਲੂਆਂ ਨੂੰ ਠੰਢੇ ਫ਼ਰਸ਼ ਤੋਂ ਬਚਾਉਣ ਲਈ ਪੂਰੀ ਪਰਿਕਰਮਾ ਅਤੇ ਰਸਤਿਆਂ ’ਚ ਗਰਮ ਗਲੀਚੇ ਵਿਛਾਏ ਗਏ ਹਨ। ਇਸ ਤੋਂ ਇਲਾਵਾ ਸੰਗਤਾਂ ਦੇ ਪੈਰ ਧੋਣ ਵਾਲੇ ਅਸਥਾਨਾਂ (ਛਬੀਲਾਂ) ਵਿਚ ਗਰਮ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਪਰਿਕ੍ਰਮਾ ਵਿਚ ਗਰਮ ਪਾਣੀ ਅਤੇ ਮੋਟੇ ਪਰਦਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ਼ ਇਸ਼ਨਾਨ ਜਾਂ ਪੈਰ ਧੋਣ ਲਈ ਹੀ ਨਹੀਂ, ਸਗੋਂ ਪਰਿਕਰਮਾ ’ਚ ਸੰਗਤ ਦੇ ਪੀਣ ਲਈ ਵੀ ਗਰਮ ਪਾਣੀ ਦੀ ਸੇਵਾ ਨਿਰੰਤਰ ਜਾਰੀ ਹੈ। ਦਰਬਾਰ ਸਾਹਿਬ ਦੇ ਅੰਦਰੂਨੀ ਹਿੱਸਿਆਂ ਅਤੇ ਬਰਾਂਡਿਆਂ ’ਚ ਤੇਜ਼ ਹਵਾਵਾਂ ’ਤੇ ਠੰਢ ਤੋਂ ਬਚਾਅ ਲਈ ਮੋਟੇ ਪਰਦੇ ਵੀ ਲਗਾਏ ਗਏ ਹਨ। ਇੰਨਾਂ ਪ੍ਰਬੰਧਾਂ ਸਦਕਾ ਦੂਰ-ਦੁਰਾਡੇ ਤੋਂ ਆਉਣ ਵਾਲੇ ਬੱਚਿਆਂ ਅਤੇ ਬਜ਼ੁਰਗ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ।
ਇਹ ਵੀ ਪੜ੍ਹੋ : 'ਚਿਪਸ' ਚਾਹੀਏ...! ਗੋਰਖਨਾਥ ਮੰਦਰ 'ਚ ਬੱਚੇ ਦੀ ਫ਼ਰਮਾਇਸ਼, ਖਿੜਖਿੜਾ ਕੇ ਹੱਸੇ CM ਯੋਗੀ (ਵੀਡੀਓ)
ਸੰਗਤ ਦੇ ਉਤਸ਼ਾਹ ਨੇ ਵਧਾਈ ਰੌਣਕ
ਆਮ ਤੌਰ ’ਤੇ ਮਾਘੀ ਦੇ ਦਿਨ ਭਾਰੀ ਇਕੱਠ ਹੁੰਦਾ ਹੈ ਪਰ ਇਸ ਵਾਰ ਮਾਘੀ ਤੋਂ ਅਗਲੇ ਦਿਨ ਵੀ ਜਨਤਾ ਦਾ ਉਤਸ਼ਾਹ ਦੇਖਣਯੋਗ ਹੈ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਬਜ਼ਾਰਾਂ ਅਤੇ ਗਲੀਆਂ ਵਿਚ ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਰੌਣਕਾਂ ਵੱਧ ਗਈਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤੜਕ ਅਤੇ ਆਸਥਾ ਅੱਗੇ ਠੰਢ ਕੋਈ ਮਾਇਨੇ ਨਹੀਂ ਰੱਖਦੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਜਦੋਂ ਤੱਕ ਸਰਦੀ ਦਾ ਮੌਸਮ ਜਾਰੀ ਰਹੇਗਾ, ਇਹ ਵਿਸ਼ੇਸ਼ ਪ੍ਰਬੰਧ ਇਸੇ ਤਰ੍ਹਾਂ ਚੱਲਦੇ ਰਹਿਣਗੇ। ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕੀ ਟੀਮ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਧਾਲੂ ਮੁਸ਼ਕਲ ਮਹਿਸੂਸ ਨਾ ਕਰੇ। ਲੰਗਰ ਸ੍ਰੀ ਰਾਮਦਾਸ ਜੀ ਵਿਖੇ ਵੀ ਸੰਗਤ ਨੂੰ ਗਰਮ ਚਾਹ ਅਤੇ ਪ੍ਰਸ਼ਾਦਾ ਛਕਾਉਣ ਦੀ ਸੇਵਾ ਦਿਨ-ਰਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
