ਪਾਕਿ-ਅਫਗਾਨਿਸਤਾਨ ਦੇ ਵਿਗੜਦੇ ਸਬੰਧਾਂ ਦਾ ਕ੍ਰਿਕਟ ''ਤੇ ਪਿਆ ਅਸਰ, ਖਿਡਾਰੀਆਂ ਨੇ PSL ਨਿਲਾਮੀ ''ਚੋਂ ਵਾਪਸ ਲਏ ਨਾਂ

Thursday, Feb 12, 2026 - 06:59 PM (IST)

ਪਾਕਿ-ਅਫਗਾਨਿਸਤਾਨ ਦੇ ਵਿਗੜਦੇ ਸਬੰਧਾਂ ਦਾ ਕ੍ਰਿਕਟ ''ਤੇ ਪਿਆ ਅਸਰ, ਖਿਡਾਰੀਆਂ ਨੇ PSL ਨਿਲਾਮੀ ''ਚੋਂ ਵਾਪਸ ਲਏ ਨਾਂ

ਸਪੋਰਟਸ ਡੈਸਕਰ- ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਚੱਲ ਰਹੀ ਸਿਆਸੀ ਤਣਾਅ ਦਾ ਅਸਰ ਹੁਣ ਖੇਡ ਮੈਦਾਨ 'ਤੇ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਸੁਪਰ ਲੀਗ (PSL) ਦੇ 11ਵੇਂ ਸੀਜ਼ਨ ਲਈ ਪਹਿਲੀ ਵਾਰ ਕਰਵਾਈ ਗਈ ਖਿਡਾਰੀਆਂ ਦੀ ਨੀਲਾਮੀ ਤੋਂ ਕਈ ਪ੍ਰਮੁੱਖ ਅਫ਼ਗਾਨਿਸਤਾਨੀ ਖਿਡਾਰੀਆਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਇਸ ਕਦਮ ਨਾਲ PSL ਦੀਆਂ ਫਰੈਂਚਾਇਜ਼ੀਆਂ ਨੂੰ ਵੱਡਾ ਝਟਕਾ ਲੱਗਾ ਹੈ।

ਇਨ੍ਹਾਂ ਦਿੱਗਜਾਂ ਨੇ ਬਣਾਈ ਦੂਰੀ 

ਲਾਹੌਰ ਵਿੱਚ ਹੋਈ ਨੀਲਾਮੀ ਲਈ ਪਹਿਲਾਂ ਮੁਜੀਬ ਉਰ ਰਹਿਮਾਨ, ਸਦੀਕਉੱਲ੍ਹਾ ਅਟਲ, ਮੁਹੰਮਦ ਨਬੀ, ਵਕਾਰ ਸਲਾਮਖੇਲ ਅਤੇ ਫਜ਼ਲ ਹੱਕ ਫ਼ਾਰੂਕੀ ਵਰਗੇ ਸਟਾਰ ਖਿਡਾਰੀਆਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਸੀ ਪਰ ਬੁੱਧਵਾਰ ਨੂੰ ਨੀਲਾਮੀ ਤੋਂ ਠੀਕ ਪਹਿਲਾਂ ਇਨ੍ਹਾਂ ਖਿਡਾਰੀਆਂ ਨੇ ਲੀਗ ਤੋਂ ਹਟਣ ਦਾ ਫੈਸਲਾ ਕਰ ਲਿਆ।

ਨੀਲਾਮੀ ਦੌਰਾਨ ਅਫ਼ਗਾਨੀ ਖਿਡਾਰੀਆਂ ਦੇ ਪਿੱਛੇ ਹਟਣ ਦਾ ਮੁੱਖ ਕਾਰਨ ਪੇਸ਼ਾਵਰ ਜਾਲਮੀ ਅਤੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਵਿਚਾਲੇ ਹੋਇਆ ਸਿੱਧਾ ਕਰਾਰ ਬਣਿਆ। ਜਦੋਂ ਜਾਲਮੀ ਨੇ ਗੁਰਬਾਜ਼ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ, ਤਾਂ ਅਫ਼ਗਾਨਿਸਤਾਨ ਵਿੱਚ ਉਸ ਦੀ ਸਖ਼ਤ ਆਲੋਚਨਾ ਹੋਈ। ਇਸ ਆਲੋਚਨਾ ਤੋਂ ਬਚਣ ਲਈ ਗੁਰਬਾਜ਼ ਨੇ PSL ਤੋਂ ਹਟਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਦੂਜੇ ਅਫ਼ਗਾਨੀ ਖਿਡਾਰੀਆਂ ਨੇ ਵੀ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਆਪਣੇ ਨਾਂ ਵਾਪਸ ਲੈ ਲਏ।

PSL ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਮਾਨ ਨਸੀਰ ਨੇ ਮੰਨਿਆ ਕਿ ਦੋਵਾਂ ਦੇਸ਼ਾਂ ਦੇ ਖ਼ਰਾਬ ਸਬੰਧਾਂ ਦਾ ਅਸਰ ਨੀਲਾਮੀ 'ਤੇ ਸਾਫ਼ ਦਿਖਾਈ ਦਿੱਤਾ। ਪਿਛਲੇ ਸਾਲ ਜਦੋਂ ਪਾਕਿਸਤਾਨੀ ਫ਼ੌਜ ਨੇ ਅਫ਼ਗਾਨਿਸਤਾਨ ਦੇ ਕੁਝ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ ਸਨ, ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਕਈ ਅਫ਼ਗਾਨ ਖਿਡਾਰੀਆਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਪਾਕਿਸਤਾਨ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਸੀ।

ਭਾਵੇਂ PSL ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਕੁਝ ਅਫ਼ਗਾਨੀ ਖਿਡਾਰੀ ਨੀਲਾਮੀ ਦੀ ਸੂਚੀ ਵਿੱਚ ਸਨ ਪਰ ਕਿਸੇ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਪਰ ਅਸਲ ਕਾਰਨ ਦੇਸ਼ਾਂ ਵਿਚਾਲੇ ਵਧਦੀ ਦੂਰੀ ਅਤੇ ਖਿਡਾਰੀਆਂ 'ਤੇ ਆਪਣੇ ਦੇਸ਼ ਵਿੱਚ ਹੋ ਰਹੀ ਆਲੋਚਨਾ ਦਾ ਡਰ ਹੀ ਮੰਨਿਆ ਜਾ ਰਿਹਾ ਹੈ।


author

Rakesh

Content Editor

Related News