ਢੱਠੇ ਖੂਹ 'ਚ ਜਾਵੇ ਪਿੱਚ, ਸਾਨੂੰ ਤਾਂ 20 ਵਿਕਟਾਂ ਹਾਸਲ ਕਰਨੀਆਂ ਹਨ : ਕੋਚ ਸ਼ਾਸਤਰੀ

10/22/2019 1:31:06 PM

ਰਾਂਚੀ : ਭਾਰਤੀ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਟੈਸਟ ਸਲਾਮੀ ਬੱਲੇਬਾਜ਼ ਦੀ ਨਵੀਂ ਭੂਮਿਕਾ ਵਿਚ ਰੋਹਿਤ ਸ਼ਰਮਾ ਨੇ ਖੁਦ ਨੂੰ ਅਲੱਗ ਪੱਧਰ ਦਾ ਖਿਡਾਰੀ ਸਾਬਤ ਕੀਤਾ ਹੈ। ਭਾਰਤ ਨੇ ਇੱਥੇ ਚੌਥੇ ਦਿਨ ਸਵੇਰ ਦੇ ਸੈਸ਼ਨ ਵਿਚ ਤੀਜਾ ਅਤੇ ਆਖਰੀ ਟੈਸਟ ਪਾਰੀ ਅਤੇ 202 ਦੌੜਾਂ ਨਾਲ ਜਿੱਤ ਕੇ ਸੀਰੀਜ਼ ਵਿਚ ਦੱਖਣੀ ਅਫਰੀਕਾ ਨੂੰ 3-0 ਨਾਲ ਕਲੀਨ ਸਵੀਪ ਕੀਤਾ ਹੈ। ਸ਼ਾਸਤਰੀ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੱਧਕ੍ਰਮ ਵਿਚ ਅਜਿੰਕਯ ਰਹਾਨੇ ਮੌਜੂਦ ਹੈ ਅਤੇ ਉਸ ਨੂੰ ਸਿਰਫ ਆਪਣੀ ਲੈਅ ਵਾਪਸ ਹਾਸਲ ਕਰਨੀ ਸੀ। ਰੋਹਿਤ ਅਲੱਗ ਪੱਧ ਦਾ ਖਿਡਾਰੀ ਹੈ। ਇਕ ਸਲਾਮੀ ਬੱਲੇਬਾਜ਼ੀ ਦੇ ਰੂਪ 'ਚ ਉਸਦੀ ਮਾਨਸਿਕਤਾ ਅਲੱਗ ਹੋਣ ਦੀ ਜ਼ਰੂਰਤ ਸੀ। ਇਹ ਪਾਰੀ ਦੀ ਸ਼ੁਰੂਆਤ ਕਰਨ ਲਈ ਮੁਸ਼ਕਿਲ ਪਿਚ ਸੀ ਪਰ ਉਸਨੇ ਇਸ ਦਾ ਸਾਹਮਣਾ ਕੀਤਾ। ਰੋਹਿਤ ਨੂੰ ਮੁਸ਼ਕਿਲ ਹਾਲਾਤਾਂ ਦਾ ਕੋਈ ਫਰਕ ਨਹੀਂ ਪੈਂਦਾ। ਇਸ ਸੀਰੀਜ਼ ਵਿਚ ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।''

ਕੋਚ ਸ਼ਾਸਤਰੀ ਨੇ ਟੀਮ ਦੀ ਮਾਨਸਿਕਤਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ, ''ਟੀਮ ਘਰੇਲੂ ਜਾਂ ਵਿਦੇਸ਼ੀ ਧਰਤੀ 'ਤੇ ਵੀ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਤੋਂ ਨਹੀਂ ਝਿਝਕਦੀ। ਸਾਡੀ ਸੋਚ ਇਹੀ ਹੈ ਕਿ ਢੱਠੇ ਖੂਹ 'ਚ ਜਾਵੇ ਪਿੱਚ, ਸਾਨੂੰ ਤਾਂ 20 ਵਿਕਟਾਂ ਲੈਣੀਆਂ ਹਨ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾਂ ਕਿ ਇਹ ਮੁੰਬਈ, ਆਕਲੈਂਡ, ਮੈਲਬੋਰਨ ਹੈ ਜਾਂ ਕੋਈ ਹੋਰ ਜਗ੍ਹਾ। ਇਕ ਵਾਰ 20 ਵਿਕਟਾਂ ਹਾਸਲ ਕਰਨ ਤੋਂ ਬਾਅਦ ਸਾਡੀ ਬੱਲੇਬਾਜ਼ੀ ਜਦੋਂ ਲੈਅ 'ਚ ਆ ਜਾਂਦੀ ਹੈ ਤਾਂ ਇਹ ਫਰਾਰੀ ਗੱਡੀ ਦੀ ਰਫਤਾਰ ਵਾਂਗ ਹੋ ਜਾਂਦੀ ਹੈ। ਜਦੋਂ ਤੁਹਾਡੇ ਕੋਲ 20 ਵਿਕਟਾਂ ਲੈਣ ਵਾਲੇ 5 ਗੇਂਦਬਾਜ਼ ਹੁੰਦੇ ਹਨ ਤਾਂ ਬਸ ਇਹੀ ਮਾਇਨੇ ਰੱਖਦਾ ਹੈ।


Related News