IOA ਮੁਖੀ ਬੱਤਰਾ ਤੇ ਜਨਰਲ ਸਕੱਤਰ ਮੇਹਤਾ ਵਿਚਾਲੇ ਟਕਰਾਅ

05/22/2020 7:00:22 PM

ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਾਈ. ਓ. ਏ.) ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮੇਹਤਾ ਵਿਚਾਲੇ ਕੰਮ ਦੇ ਬੋਝ ਨੂੰ ਲੈ ਕੇ ਟਕਰਾਅ ਹੋ ਗਿਆ ਹੈ, ਜਿਸਦਾ ਸਾਫ ਸੰਕੇਤ ਹੈ ਕਿ ਆਈ. ਓ. ਏ. ਦੇ ਦੋਵੇਂ ਚੋਟੀ ਦੇ ਅਧਿਕਾਰੀਆਂ ਵਿਚਾਲੇ ਡੂੰਘੇ ਮਤਭੇਦ ਪੈਦਾ ਹੋ ਚੁੱਕੇ ਹਨ। ਬੱਤਰਾ ਨੇ ਮੇਹਤਾ ਨੂੰ ਭੇਜੇ ਈ-ਮੇਲ ਪੱਤਰ ਵਿਚ ਕਿਹਾ ਕਿ ਉਸ ਨੂੰ ਮੇਹਤਾ ਦੇ ਕੰਮ ਦਾ ਬੋਝ ਘੱਟ ਕਰਨ ਲਈ ਉਸਦੇ ਕੰਮ ਨੂੰ ਵੰਡਣ ਦਾ ਫੈਸਲਾ ਕੀਤਾ ਹੈ ਪਰ ਮੇਹਤਾ ਨੂੰ ਇਹ ਗੱਲ ਰਾਸ ਨਹੀਂ ਆਈ ਤੇ ਉਸ ਨੇ ਬੱਤਰਾ ਨੂੰ ਭੇਜੇ ਆਪਣੇ ਜਵਾਬ ਵਿਚ ਕਿਹਾ ਕਿ ਖੇਡਾਂ ਦੀ ਸੇਵਾ ਕਰਨਾ ਉਸਦਾ ਮਿਸ਼ਨ ਹੈ ਤੇ ਉਸ ਨੂੰ ਆਪਣੇ ਕੰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ।

ਆਈ. ਓ. ਏ. ਦੇ ਮੁਖੀ ਬੱਤਰਾ ਨੇ ਮੇਹਤਾ ਨੂੰ ਆਪਣੇ ਪੱਤਰ ਵਿਚ ਕਿਹਾ,‘‘ਮੈਂ ਇਹ ਦੇਖ ਰਿਹਾ ਹਾਂ ਤੁਸੀਂ ਆਈ. ਓ. ਏ. ਵਿਚ ਕੰਮ ਦਾ ਕਾਫੀ ਬੋਝ ਲੈ ਰੱਖਿਆ ਹੈ। ਲਗਭਗ 6 ਸਾਲਾਂ ਤੋਂ ਤੁਸੀਂ ਦਿੱਲੀ ਵਿਚ ਹਰ ਹਫਤੇ 5-6 ਦਿਨ ਆਈ. ਓ. ਏ. ਦਾ ਕੰਮਕਾਜ ਦੇਖ ਰਹੇ ਹੋ ਤੇ ਅਸੀਂ ਤੁਹਾਡੇ ਧੰਨਵਾਦ ਹਾਂ ਕਿ ਤੁਸੀਂ ਆਪਣਾ ਇੰਨਾ ਸਮਾਂ ਆਈ. ਓ. ਏ. ਨੂੰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਪਿਛਲੇ 60 ਦਿਨਾਂ ਵਿਚ ਮੈਨੂੰ ਇਹ ਗੱਲ ਸਮਝ ਵਿਚ ਆਈ ਹੈ ਕਿ ਹਰ ਕਿਸੇ ਨੂੰ ਆਪਣੇ ਪਰਿਵਾਰ ਨਾਲ ਰਹਿਣ ਦੀ ਲੋੜ ਹੈ।’’

ਬੱਤਰਾ ਨੇ ਪੱਤਰ ਵਿਚ ਕਿਹਾ,‘‘ਮੈਂ ਫੈਸਲਾ ਕੀਤਾ ਹੈ ਕਿ ਤੁਹਾਡੇ ਕੰਮ ਦੇ ਬੋਝ ਨੂੰ ਸੰਭਾਲਾਂ ਤੇ ਤੁਹਾਡੇ ਕੰਮ ਨੂੰ ਵੰਡਿਆ ਜਾਵੇ ਕਿਉਂਕਿ ਮੈਂ ਦਿੱਲੀ ਵਿਚ ਰਹਿੰਦਾ ਹਾਂ ਤੇ ਕੁਝ ਹੋਰ ਲੋਕ ਵੀ ਨਿਯਮਤ ਰੂਪ ਨਾਲ ਦਿੱਲੀ ਆਉਂਦੇ ਰਹਿੰਦੇ ਹਨ, ਇਸ ਲਈ ਅਸੀਂ ਲੋਕ ਜ਼ਿੰਮੇਵਾਰੀਆਂ ਨੂੰ ਵੰਡ ਸਕਦੇ ਹਾਂ। ਤੁਹਾਡੀ ਮਹੱਤਵਪੂਰਨ ਸਲਾਹ ਦੀ ਹਮੇਸ਼ਾ ਲੋੜ ਰਹੇਗੀ। ਅਜਿਹਾ ਕਰਕੇ ਤੁਸੀਂ ਨੈਨੀਤਾਲ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕੋਗੇ ਤੇ ਨਾਲ ਹੀ ਆਪਣਾ ਵਪਾਰਕ ਦੇਖ ਸਕੋਗੇ, ਜਿਹੜਾ ਉੱਤਰਾਖੰਡ ਵਿਚ ਹੈ। ’’

ਜਵਾਬ ਵਿਚ ਮੇਹਤਾ ਨੇ ਕਿਹਾ,‘‘ਮੈਂ ਆਪਣੀ ਪੂਰੀ ਜ਼ਿੰਦਗੀ ਖੇਡਾਂ ਨੂੰ ਸਮਰਪਿਤ ਕਰ ਦਿੱਤੀ ਹੈ ਤੇ ਆਈ. ਓ. ਏ. ਨੇ ਮੈਨੂੰ ਜਿਹੜਾ ਕੰਮ ਦਿੱਤਾ ਹੈ, ਉਸ ਤੋਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪਿਛਲੇ ਕੁਝ ਸਾਲਾਂ ਦੇ ਮੇਰੇ ਕੰਮਾਂ ਦੀ ਸ਼ਲਾਘਾ ਕੀਤੀ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਖੇਡਾਂ ਦੀ ਸੇਵਾ ਕਰਨਾ ਮੇਰਾ ਇਕਲੌਤਾ ਮਿਸ਼ਨ ਹੈ ਤੇ ਮੇਰਾ ਪਰਿਵਾਰ ਵੀ ਮੇਰੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹੈ। ਮੇਰਾ ਪਰਿਵਾਰ ਮੈਨੂੰ ਸਮਰਥਨ ਦਿੰਦਾ ਹੈ। ਮੇਰਾ ਪਰਿਵਾਰ ਚਾਹੇਗਾ ਕਿ ਮੈਂ ਦਿੱਲੀ ਵਿਚ ਰਹਿੰਦੇ ਹੋਏ ਆਈ. ਓ. ਏ. ਦੇ ਜਨਰਲ ਸਕੱਤਰ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਰੀ ਰੱਖਾਂ ਤੇ ਖੇਡਾਂ ਦੇ ਪ੍ਰਤੀ ਆਪਣੇ ਮਿਸ਼ਨ ਨੂੰ ਜਾਰੀ ਰੱਖਾਂ। ਮੈਂ ਇਹ ਪੱਤਰ ਦਿੱਲੀ ਤੋਂ ਲਿਖ ਰਿਹਾ ਹਾਂ। ਆਈ. ਓ. ਏ. ਦਾ ਦਫਤਰ ਖੁੱਲ੍ਹਾ ਹੈ ਤੇ 50 ਫੀਸਦੀ ਸਟਾਫ ਦਫਤਰ ਆ ਰਿਹਾ ਹੈ। ਮੈਨੂੰ ਰੋਜਾਨਾ ਹਰ ਕੰਮ ਦੀ ਰਿਪੋਰਟ ਦਫਤਰ ਤੋਂ ਮਿਲਦੀ ਹੈ। ਜਿੱਥੋਂ ਤਕ ਤੁਹਾਡੀ ਮੇਰੀਆਂ ਕੁਝ ਜ਼ਿੰਮੇਵਾਰੀਆਂ ਲੈਣ ਦੀ ਸੋਚ ਹੈ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਨਰਲ ਸਕੱਤਰ ਦੇ ਰੂਪ ਵਿਚ ਅਾਈ. ਓ. ਏ. ਨੇ ਮੈਨੂੰ ਜਿਹੜੇ ਕੰਮ ਸੌਂਪੇ ਹਨ, ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਜ ਹਾਂ ਤੇ ਕੰਮਾਂ ਨੂੰ ਲੈ ਕੇ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।’’ 


Ranjit

Content Editor

Related News