ਹਾਰ ਦੇ ਬਾਵਜੂਦ ਕ੍ਰਿਸ ਗੇਲ ਨੇ ਕੀਤਾ ਡਾਂਸ, ਖੁਸ਼ ਹੋਏ ਪ੍ਰਸ਼ੰਸਕ (ਵੀਡੀਓ)

03/26/2018 2:29:46 PM

ਹਰਾਰੇ (ਬਿਊਰੋ)— ਵੈਸਟਇੰਡੀਜ਼ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦਾ ਅਫਗਾਨਿਸਤਾਨ ਦੇ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਦੇ ਨਾਲ ਬਿੰਦਾਸ ਅੰਦਾਜ਼ 'ਚ ਕੀਤਾ ਡਾਂਸ ਕ੍ਰਿਕਟ ਪ੍ਰੇਮੀਆਂ ਦੀ ਤਾਰੀਫ ਹਾਸਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਗੇਲ ਨੇ ਇਹ ਡਾਂਸ ਵਿਸ਼ਪਕੱਪ ਕੁਆਲੀਫਾਇਰ ਮੁਕਾਬਲੇ ਦੇ ਫਾਇਨਲ 'ਚ ਵੈਸਟਇੰਡੀਜ਼ ਨੂੰ ਅਫਗਾਨਿਸਤਾਨ ਤੋਂ ਮਿਲੀ ਹਾਰ ਦੇ ਬਾਅਦ ਕੀਤਾ ਹੈ। ਇਸ ਮੈਚ 'ਚ ਸ਼ਹਿਜ਼ਾਦ ਨੇ 84 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ। ਆਈ.ਸੀ.ਸੀ. ਨੇ ਗੇਲ ਅਤੇ ਸ਼ਹਿਜ਼ਾਦ ਦੇ ਡਾਂਸ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਸਪਿਰਿਟ ਆਫ ਕ੍ਰਿਕਟ ਲਿਖਿਆ ਗਿਆ ਹੈ।

ਦਸ ਦਈਏ ਕਿ ਗੇਲ ਅਤੇ ਬ੍ਰਾਵੋ ਸਮੇਤ ਵੈਸਟਇੰਡੀਜ਼ ਟੀਮ ਦੇ ਜ਼ਿਆਦਾਤਰ ਖਿਡਾਰੀ ਡਾਂਸ ਦੇ ਸ਼ੌਕੀਨ ਹਨ। ਆਈ.ਪੀ.ਐੱਲ. ਮੈਚ ਦੌਰਾਨ ਵੀ ਵੈਸਟਇੰਡੀਜ਼ ਖਿਡਾਰੀ ਮੈਦਾਨ 'ਤੇ ਡਾਂਸ ਕਰਦੇ ਰਹਿੰਦੇ ਹਨ। ਇਸ ਸੀਜ਼ਨ 'ਚ ਗੇਲ ਕਿੰਗਸ ਇਲੈਵਨ ਪੰਜਾਬ ਵਲੋਂ ਖੇਡਣਗੇ।
ਜ਼ਿਕਰਯੋਗ ਹੈ ਕਿ ਕੁਆਲੀਫਾਇਰ ਮੁਕਾਬਲੇ ਦੇ ਫਾਈਨਲ 'ਚ ਹਾਰ ਮਿਲਣ ਤੋਂ ਬਾਅਦ ਵੀ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੋਵੇਂ ਟੀਮਾਂ ਵਿਸ਼ਵ ਕੱਪ 2019 ਲਈ ਕੁਆਲੀਫਾਈ ਕਰ ਚੁਕੀਆਂ ਹਨ। ਹਰਾਰੇ 'ਚ ਖੇਡੇ ਗਏ ਫਾਈਨਲ ਮੈਚ 'ਚ ਅਫਗਾਨਿਸਤਾਨ ਨੇ ਇੰਡੀਜ਼ ਨੂੰ ਸ਼ਹਿਜ਼ਾਦ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਹਰਾਇਆ ਹੈ। ਇਸ ਮੈਚ 'ਚ ਅਫਗਾਨਿਸਤਾਨ ਸਪਿਨਰ ਰਾਸ਼ਿਦ ਖਾਨ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਜ਼ ਟੀਮ 204 'ਤੇ ਆਲ ਆਊਟ ਹੋ ਗਈ। ਜਵਾਬ 'ਚ ਅਫਗਾਨਿਸਤਾਨ ਨੇ 9.2 ਓਵਰ ਰਹਿੰਦੇ ਹੀ ਇਹ ਟੀਚਾ ਹਾਸਲ ਕਰ ਲਿਆ।


Related News