ਸ਼ਤਰੰਜ : ਮੁਥੱਈਆ ਨੇ ਸਾਬਕਾ ਜੇਤੂ ਪੰਟਸੂਲੀਆ ਨੂੰ ਹਰਾਇਆ
Saturday, Jan 11, 2020 - 12:49 AM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)- ਮੁਕਾਬਲੇਬਾਜ਼ਾਂ ਦੀ ਗਿਣਤੀ ਦੇ ਨਜ਼ਰੀਏ ਨਾਲ ਵਿਸ਼ਵ ਸ਼ਤਰੰਜ ਸੰਘ ਵਲੋਂ ਵਿਸ਼ਵ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਓਪਨ ਟੂਰਨਾਮੈਂਟ ਨਾਲ ਨਿਵਾਜੇ ਦਾ ਚੁੱਕੇ ਦਿੱਲੀ ਇੰਟਰਰੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ-2020 ਦਾ 18ਵਾਂ ਸੈਸ਼ਨ ਦੁਨੀਆ ਦੇ 34 ਦੇਸ਼ਾਂ ਦੇ 37 ਗ੍ਰੈਂਡਮਾਸਟਰਾਂ ਦੀ ਮੌਜੂਦਗੀ ਵਿਚ ਇਕ ਵਾਰ ਫਿਰ ਰਫਤਾਰ ਫੜਦਾ ਨਜ਼ਰ ਆ ਰਿਹਾ ਹੈ। ਚੈਂਪੀਅਨਸ਼ਿਪ ਦੇ ਦੂਜੇ ਹੀ ਰਾਊਂਡ ਵਿਚ ਪਿਛਲੇ ਸਾਲ ਦੇ ਜੇਤੂ ਜਾਰਜੀਆ ਦੇ ਲੇਵਾਨ ਪੰਟਸੂਲੀਆ ਨੂੰ ਭਾਰਤ ਦੇ ਮੁਥੱਈਆ ਏ. ਐੱਲ. ਨੇ ਹਰਾਉਂਦਿਆਂ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮੁਥੱਈਆ ਨੇ ਇੰਗਲਿਸ਼ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਪੰਟਸੂਲੀਆ ਦੇ ਰਾਜਾ ਉਪਰ ਜ਼ੋਰਦਾਰ ਹਮਲਾ ਕਰ ਦਿੱਤਾ ਤੇ 45 ਚਾਲਾਂ ਵਿਚ ਬਿਹਤਰੀਨ ਜਿੱਤ ਦਰਜ ਕੀਤੀ। ਭਾਰਤ ਦੇ ਗ੍ਰੈਂਡਮਾਸਟਰ ਐੱਨ. ਆਰ. ਵਿਘਨੇਸ਼ ਨੂੰ ਹਮਵਤਨ ਨਿਰੰਜਨ ਨਵਲਗੁੰਡ ਨੇ ਹਰਾਇਆ, ਉਥੇ ਹੀ ਚੋਟੀ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਮੁਰਲੀ ਕਾਰਤੀਕੇਅਨ ਨੂੰ ਰੂਸ ਦੇ ਡੇਨਿਸ ਐਰਸ਼ਚਕੋਵ ਨੇ ਅੰਕ ਵੰਡਣ 'ਤੇ ਮਜਬੂਰ ਕਰ ਦਿੱਤਾ। ਭਾਰਤ ਵਲੋਂ ਫਿਲਹਾਲ ਅਭਿਜੀਤ ਗੁਪਤਾ ਨੇ ਤਿੰਨੇ ਮੁਕਾਬਲੇ ਜਿੱਤ ਲਏ। ਤੀਜੇ ਰਾਊਂਡ ਵਿਚ ਉਸ ਨੇ ਹਮਵਤਨ ਨੀਲਾਸ ਸਹਾ ਨੂੰ ਹਰਾਇਆ।