ਚੇਲਸੀ ਨੇ ਜਿੱਤਿਆ ਯੂਰੋਪਾ ਲੀਗ ਦਾ ਖਿਤਾਬ

Friday, May 31, 2019 - 02:15 AM (IST)

ਨਵੀਂ ਦਿੱਲੀ— ਚੇਲਸੀ ਨੇ ਯੂਰੋਪਾ ਲੀਗ ਦੇ ਇਕਤਰਫਾ ਫਾਈਨਲ ਮੁਕਾਬਲੇ 'ਚ ਵਿਰੋਧੀ ਆਰਸੇਨਲ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਯੂਰੋਪਾ ਲੀਗ ਦਾ ਖ਼ਿਤਾਬ ਆਪਣੇ ਨਾਂ ਕੀਤਾ।

PunjabKesari
ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਹੈਡਾਰਡ ਨੇ ਇਸ ਮੈਚ 'ਚ ਦੋ ਗੋਲ ਕੀਤੇ ਤੇ ਇਕ ਗੋਲ ਕਰਨ 'ਚ ਮਦਦ ਵੀ ਕੀਤੀ। ਇੰਗਲਿਸ਼ ਕਲੱਬ ਲਈ ਉਨ੍ਹਾਂ ਦਾ ਇਹ ਆਖ਼ਰੀ ਮੈਚ ਵੀ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਸਪੈਨਿਸ਼ ਮਹਾਰਥੀ ਰੀਅਲ ਮੈਡਰਿਡ ਨਾਲ ਜੁੜਨ ਦੀ ਸੰਭਾਵਨਾ ਹੈ। ਟੀਮ ਨੇ ਹੈਜਾਰਡ ਨੂੰ ਇਹ ਜਿੱਤ ਦਾ ਤੋਹਫ਼ਾ ਦਿੱਤਾ। ਇਕ ਕੋਚ ਦੇ ਰੂਪ 'ਚ ਮਾਰੀਜੀਓ ਸਾਰੀ ਦੇ ਕਰੀਅਰ ਦੀ ਇਹ ਪਹਿਲੀ ਟਰਾਫੀ ਹੈ, ਜਦਕਿ ਚੇਲਸੀ ਨੇ ਪੰਜਵੀਂ ਵਾਰ ਯੂਰਪੀ ਟੂਰਨਾਮੈਂਟ ਦਾ ਫਾਈਨਲ ਜਿੱਤਿਆ ਹੈ। ਚੇਲਸੀ ਯੂਰਪਾ ਲੀਗ 'ਚ ਬਿਨਾਂ ਕੋਈ ਮੈਚ ਹਾਰੇ ਖ਼ਿਤਾਬ ਜਿੱਤਣ ਵਾਲੀ ਪਹਿਲੀ ਟੀਮ ਵੀ ਬਣੀ। ਚੇਲਸੀ ਨੇ ਆਖ਼ਰੀ ਵਾਰ 2013 'ਚ ਇਹ ਖ਼ਿਤਾਬ ਜਿੱਤਿਆ ਸੀ। ਇਸ ਖ਼ਿਤਾਬ ਜਿੱਤ ਨਾਲ ਚੇਲਸੀ ਨੇ ਯੂਏਫਾ ਚੈਂਪੀਅਨਜ਼ ਲੀਗ ਲਈ ਅਗਲੇ ਸੈਸ਼ਨ ਲਈ ਵੀ ਕੁਆਲੀਫਾਈ ਕੀਤਾ। ਮੈਚ ਦੌਰਾਨ ਅਜਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲਿਯੇਵ ਵੀ ਮੌਜੂਦ ਸਨ ਪਰ ਬਾਕੂ ਓਲੰਪਿਕ ਸਟੇਡੀਅਮ 'ਚ ਜ਼ਿਆਦਾਤਰ ਸੀਟਾਂ ਖਾਲੀ ਸਨ ਤੇ ਦਰਸ਼ਕ ਨਦਾਰਦ ਦਿਖੇ।

PunjabKesari
ਆਰਸੇਨਲ ਖ਼ਿਲਾਫ਼ ਪਹਿਲੇ ਹਾਫ 'ਚ ਚੇਲਸੀ ਦੀ ਟੀਮ ਕੋਈ ਗੋਲ ਨਹੀਂ ਕਰ ਪਾਈ। ਮੁਕਾਬਲੇ ਦੇ ਸ਼ੁਰੂਆਤ ਤੋਂ ਦੋਵੇਂ ਟੀਮਾਂ ਵਿਚਾਲੇ ਕੜੀ ਟੱਕਰ ਰਹੀ। ਪਹਿਲੇ ਹਾਫ਼ 'ਚ ਦੋਵੇਂ ਟੀਮਾਂ ਨੂੰ ਇਕ-ਇਕ ਵਾਰ ਵਾਧਾ ਬਣਾਉਣ ਦਾ ਬਿਹਤਰੀਨ ਮੌਕਾ ਮਿਲਿਆ, ਪਰ ਉਹ ਵਿਰੋਧੀ ਟੀਮ ਦੇ ਗੋਲਕੀਪਰ ਨੂੰ ਪਾਰ ਨਹੀਂ ਕਰ ਪਾਏ। ਚੇਲਸੀ ਨੇ ਦੂਜੇ ਹਾਫ਼ ਦੀ ਬਿਹਤਰ ਸ਼ੁਰੂਆਤ ਕੀਤੀ, ਜਿਸ ਦਾ ਨਤੀਜਾ ਉਸ ਨੂੰ ਜਲਦੀ ਵੇਖਣ ਨੂੰ ਮਿਲਿਆ। 49ਵੇਂ ਮਿੰਟ 'ਚ ਐਮਰਸਨ ਨੇ 18 ਗਜ਼ ਦੇ ਬਾਕਸ ਦੇ ਬਾਹਰ ਤੋਂ ਕਰਾਸ ਦਿੱਤਾ ਤੇ ਸਟਰਾਈਕਰ ਓਲੀਵਰ ਜਿਰੂ ਨੇ ਹੇਡਰ ਰਾਹੀਂ ਗੋਲ ਕਰਦੇ ਹੋਏ ਚੇਲਸੀ ਨੂੰ ਵਾਧਾ ਦਿਵਾ ਦਿੱਤਾ। ਇਕ ਗੋਲ ਕਰਨ ਮਗਰੋਂ ਚੇਲਸੀ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਤੇ ਫਿਰ ਉਨ੍ਹਾਂ ਮੁਕਾਬਲੇ 'ਚ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਚ ਦੇ 60ਵੇਂ ਮਿੰਟ 'ਚ ਪ੍ਰਰੇਡੋ ਨੇ ਸ਼ਾਨਦਾਰ ਗੋਲ ਕਰਦੇ ਹੋਏ ਆਪਣੀ ਟੀਮ ਦੇ ਵਾਧੇ ਨੂੰ ਦੁੱਗਣਾ ਕਰ ਦਿੱਤਾ। ਇਸ ਦੇ ਪੰਜ ਮਿੰਟ ਬਾਅਦ ਚੇਲਸੀ ਨੇ ਇਕ ਹੋਰ ਮੂਵ ਬਣਾਇਆ। ਇਸ ਵਾਰ ਜਿਰੂ ਨੂੰ ਆਰਸੇਨਲ ਦੇ ਡਿਫੈਂਡਰ ਨੇ ਬਾਕਸ 'ਚ ਸੁੱਟ ਦਿੱਤਾ, ਜਿਸ ਕਾਰਨ ਚੇਲਸੀ ਨੂੰ ਪੈਨਾਲਟੀ ਮਿਲੀ।
ਹੈਜਾਰਡ ਨੇ ਪੈਨਾਲਟੀ ਨੂੰ ਗੋਲ 'ਚ ਬਦਲਣ 'ਚ ਕੋਈ ਗਲਤੀ ਨਹੀਂ ਕੀਤੀ ਤੇ ਸਕੋਰ 3-0 ਕਰ ਦਿੱਤਾ। ਐਲੇਕਸ ਈਵੋਬੀ ਨੇ 69ਵੇਂ ਮਿੰਟ 'ਚ ਬਾਕਸ ਦੇ ਬਾਹਰ ਤੋਂ ਦਮਦਾਰ ਗੋਲ ਕੀਤਾ, ਪਰ ਉਹ ਆਪਣੀ ਟੀਮ ਨੂੰ ਵਾਪਸੀ ਨਹੀਂ ਕਰਵਾ ਪਾਏ। ਮੈਚ ਦੇ 72ਵੇਂ ਮਿੰਟ 'ਚ ਜਿਰੂ ਨੇ ਇਕ ਬਿਹਤਰੀਨ ਕਰਾਸ ਦਿੱਤਾ, ਜਿਸ 'ਤੇ ਗੋਲ ਕਰਦੇ ਹੋਏ ਹੈਜਾਰਡ ਨੇ ਚੇਲਸੀ ਦੀ ਜਿੱਤ 4-1 ਨਾਲ ਪੱਕੀ ਕਰ ਦਿੱਤੀ।


Gurdeep Singh

Content Editor

Related News