ਚੈਂਪੀਅਨਸ ਟਰਾਫੀ ਪਾਕਿਸਤਾਨ ’ਚ ਹੀ ਹੋਵੇਗੀ : ਪੀ. ਸੀ. ਬੀ.

Sunday, Mar 24, 2024 - 08:01 PM (IST)

ਲਾਹੌਰ, (ਭਾਸ਼ਾ)– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਪੂਰੀ ਉਮੀਦ ਹੈ ਕਿ ਉਹ ਅਗਲੇ ਸਾਲ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਵਿਚ ਕਾਮਯਾਬ ਹੋਵੇਗਾ ਕਿਉਂਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਇਕ ਦਲ ਇਸ ਵੱਕਾਰੀ ਟੂਰਨਾਮੈਂਟ ਲਈ ਚੱਲ ਰਹੀਆਂ ਤਿਆਰੀਆਂ ਦਾ ਮੁਆਇਨਾ ਕਰਨ ਲਈ ਸੋਮਵਾਰ ਨੂੰ ਪਾਕਿਸਤਾਨ ਪਹੁੰਚਣ ਵਾਲਾ ਹੈ।

ਆਈ. ਸੀ. ਸੀ. ਦਲ ਵਿਚ ਇਕ ਸੁਰੱਖਿਆ ਮਾਹਿਰ ਵੀ ਸ਼ਾਮਲ ਹੋਵੇਗਾ, ਜਿਹੜਾ ਇਸ ਪ੍ਰਸਤਾਵਿਤ ਸਥਾਨਾਂ ਵਿਸ਼ੇਸ਼ ਤੌਰ ’ਤੇ ਕਰਾਚੀ, ਲਾਹੌਰ ਤੇ ਰਾਵਲਪਿੰਡੀ ਦਾ ਦੌਰਾ ਕਰੇਗਾ। ਪਾਕਿਸਤਾਨ ਨੇ 1996 ਵਿਚ ਭਾਰਤ ਦੇ ਨਾਲ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕੀਤੀ ਸੀ ਤੇ ਇਸ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਕਿਸੇ ਆਈ. ਸੀ. ਸੀ. ਟੂਰਨਾਮੈਂਟ ਦੀ ਮੇਜ਼ਾਬਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਪੀ. ਸੀ. ਬੀ. ਮੁਖੀ ਮੋਹਸਿਨ ਨਕਵੀ ਨੇ ਐਤਵਾਰ ਨੂੰ ਕਿਹਾ, ‘‘ਦਲ ਨੂੰ ਤਿਆਰੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਵੇਗੀ। ਉਹ ਚੈਂਪੀਅਨਸ ਟਰਾਫੀ ਲਈ ਸਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਣ ਲਈ ਕਰਾਚੀ, ਲਾਹੌਰ ਤੇ ਰਾਵਲਪਿੰਡੀ ਦਾ ਦੌਰੇ ਕਰੇਗਾ।’’ ਪਿਛਲੇ ਮਹੀਨੇ ਨਿਊਜ਼ੀਲੈਂਡ ਕ੍ਰਿਕਟ ਦਾ ਵੀ ਇਕ ਦਲ ਆਪਣੀ ਟੀਮ ਦੇ ਪਾਕਿਸਤਾਨ ਦੌਰੇ ਲਈ ਸੁਰੱਖਿਆ ਤੇ ਹੋਰਨਾਂ ਪ੍ਰਬੰਧਾਂ ਦਾ ਮੁਆਇਨਾ ਕਰਨ ਪਾਕਿਸਤਾਨ ਪਹੁੰਚਿਆ ਸੀ। 

ਨਕਵੀ ਨੇ ਫਿਰ ਦੁਹਰਾਇਆ ਕਿ ਚੈਂਪੀਅਨਸ ਟਰਾਫੀ ਪਾਕਿਸਤਾਨ ਵਿਚ ਤੈਅ ਸਮੇਂ ’ਤੇ ਆਯੋਜਿਤ ਹੋਵੇਗੀ। ਇਹ ਪੁੱਛਣ ’ਤੇ ਕਿ ਜੇਕਰ ਭਾਰਤ ਸਰਕਾਰ ਨੇ ਪਾਕਿਸਤਾਨ ਵਿਚ ਆਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਕੀ ਪਾਕਿਸਤਾਨ ‘ਜੈਸੇ ਕੋ ਤੈਸਾ’ ਵਰਗਾ ਜਵਾਬ ਦੇਣ ’ਤੇ ਵਿਚਾਰ ਕਰੇਗਾ ਤਾਂ ਨਕਵੀ ਨੇ ਕਿਹਾ,‘ਅਸੀਂ ਅਜਿਹੀਆਂ ਸੰਭਾਵਨਾਵਾਂ ’ਤੇ ਚਰਚਾ ਹੀ ਕਿਉਂ ਕਰ ਰਹੇ ਹਾਂ। ਸਾਡੀ ਦੁਬਈ ਵਿਚ ਟੂਰਨਾਮੈਂਟ ਤੇ ਇਸਦੇ ਤਕਨੀਕੀ ਪੱਖਾਂ ’ਤੇ ਚੰਗੀ ਮੀਟਿੰਗ ਹੋਈ ਤੇ ਜਿੱਥੋਂ ਤਕ ਸਾਡਾ ਸਬੰਧ ਹੈ ਤਾਂ ਸਾਨੂੰ ਅਜਿਹਾ ਕੋਈ ਕਾਰਨ ਨਹੀਂ ਦਿਸਦਾ ਕਿ ਇਹ ਟੂਰਨਾਮੈਂਟ ਪਾਕਿਸਤਾਨ ਵਿਚ ਆਯੋਜਿਤ ਨਹੀਂ ਕੀਤਾ ਜਾਵੇਗਾ।’’


Tarsem Singh

Content Editor

Related News