ਸ਼ਤਰੰਜ : ਕਾਰਲਸਨ ਅਤੇ ਕਰੂਆਨਾ ਦੀ ਦੂਜੀ ਬਾਜ਼ੀ ਵੀ ਡਰਾਅ
Monday, Nov 12, 2018 - 02:07 AM (IST)

ਲੰਡਨ (ਨਿਕਲੇਸ਼ ਜੈਨ)- ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਹੋਇਆ ਦੂਜਾ ਮੁਕਾਬਲਾ ਵੀ ਡਰਾਅ 'ਤੇ ਖ਼ਤਮ ਹੋਇਆ । 2 ਰਾਊਂਡ ਤੋਂ ਬਾਅਦ ਦੋਵੇਂ ਖਿਡਾਰੀ 1-1 ਅੰਕ 'ਤੇ ਖੇਡ ਰਹੇ ਹਨ। ਪਹਿਲੇ ਰਾਊਂਡ 'ਚ ਕਾਲੇ ਮੋਹਰਿਆਂ ਨਾਲ ਜਿੱਤ ਦੇ ਕਾਫ਼ੀ ਨਜ਼ਦੀਕ ਜਾ ਕੇ ਵੀ ਖੁੰਝ ਜਾਣ ਵਾਲੇ ਮੌਜੂਦਾ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੇ ਦੂਜੇ ਰਾਊਂਡ 'ਚ ਸਫੈਦ ਮੋਹਰਿਆਂ ਨਾਲ ਵਜ਼ੀਰ ਦੇ ਖਾਨੇ ਦੇ ਪਿਆਦੇ ਨੂੰ 2 ਘਰ ਅੱਗੇ ਵਧਾ ਕੇ ਖੇਡ ਦੀ ਸ਼ੁਰੂਆਤ ਕੀਤੀ। ਕਰੂਆਨਾ ਨੇ ਇਸ ਦਾ ਜਵਾਬ ਕਿਊ. ਜੀ. ਡੀ. ਓਪਨਿੰਗ 'ਚ ਦਿੱਤਾ। ਪੂਰੀ ਖੇਡ 'ਚ ਜਿੱਥੇ ਕਾਰਲਸਨ ਦੇ ਮੋਹਰੇ ਸਰਗਰਮ ਸਨ ਅਤੇ ਉਨ੍ਹਾਂ ਦੇ 2 ਪਿਆਦੇ ਬੇਹੱਦ ਕਮਜ਼ੋਰ ਤਾਂ ਕਰੂਆਨਾ ਦੇ ਪਿਆਦਿਆਂ ਦੀ ਸੰਰਚਨਾ ਤਾਂ ਸ਼ਾਨਦਾਰ ਸੀ ਪਰ ਉਨ੍ਹਾਂ ਦੇ ਮੋਹਰੇ ਓਨੇ ਸਰਗਰਮ ਨਹੀਂ ਸਨ। ਖੇਡ ਦੇ ਅੰਤ 'ਚ ਜਾ ਕੇ ਕਾਰਲਸਨ ਨੇ ਸਹੀ ਸਮੇਂ 'ਤੇ ਸਥਿਤੀ ਨੂੰ ਭਾਂਪਦਿਆਂ ਖੇਡ ਨੂੰ ਡਰਾਅ ਵੱਲ ਮੋੜ ਦਿੱਤਾ ਅਤੇ ਮੈਚ 49 ਚਾਲਾਂ 'ਚ ਡਰਾਅ ਰਿਹਾ। ਹੁਣ ਅਗਲਾ ਮੈਚ ਇਕ ਦਿਨ ਦੇ ਆਰਾਮ ਤੋਂ ਬਾਅਦ ਖੇਡਿਆ ਜਾਵੇਗਾ। 12 ਰਾਊਂਡ ਦੇ ਇਸ ਮੁਕਾਬਲੇ 'ਚ ਹੁਣ 10 ਰਾਊਂਡ ਖੇਡੇ ਜਾਣੇ ਬਾਕੀ ਰਹਿ ਗਏ ਹਨ।