26 ਜਨਵਰੀ ਨੂੰ ਵੀ ਪਤੰਗਬਾਜ਼ੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ? ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
Sunday, Jan 25, 2026 - 11:22 AM (IST)
ਚੰਡੀਗੜ੍ਹ (ਵੈੱਬ ਡੈਸਕ): ਬਸੰਤ ਪੰਚਮੀ ਵਾਲੇ ਦਿਨ ਪੰਜਾਬ ਵਿਚ ਸਾਰਾ ਦਿਨ ਬਰਸਾਤ ਹੁੰਦੀ ਰਹੀ, ਜਿਸ ਕਾਰਨ ਪਤੰਗਬਾਜ਼ੀ ਦਾ ਸ਼ੌਕੀਨਾਂ ਦੇ ਮੂੰਹ ਲਟਕੇ ਰਹੇ। ਹੁਣ ਇਹ ਲੋਕ ਪਤੰਗਬਾਜ਼ੀ ਦੇ ਲਈ 26 ਜਨਵਰੀ ਦਾ ਦਿਨ ਉਡੀਕ ਰਹੇ ਹਨ, ਪਰ ਨਾਲ ਹੀ ਇਹ ਵੀ ਡਰ ਹੈ ਕਿ ਕਿੱਧਰੇ ਮੌਸਮ ਬਸੰਤ ਪੰਚਮੀ ਵਾਂਗ 26 ਜਨਵਰੀ ਨੂੰ ਵੀ ਰੰਗ ਵਿਚ ਭੰਗ ਨਾ ਪਾ ਦੇਵੇ। ਇੱਥੇ ਮੌਸਮ ਵਿਭਾਗ ਨੇ ਇਨ੍ਹਾਂ ਲੋਕਾਂ ਲਈ ਰਾਹਤ ਭਰੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੇ ਸੋਮਵਾਰ ਨੂੰ ਪੰਜਾਬ ਭਰ ਵਿਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਸਿਰਫ਼ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਦੇ ਕੁਝ ਇਲਾਕਿਆਂ ਵਿਚ ਹਲਕੀ ਬਰਸਾਤ ਦੀ ਸੰਭਾਵਨਾ ਤੋਂ ਇਲਾਵਾ ਬਾਕੇ ਸਾਰੇ ਇਲਾਕਿਆਂ ਵਿਚ ਮੌਸਮ ਸਾਫ਼ ਰਹੇਗਾ ਤੇ ਕਿਸੇ ਕਿਸਮ ਦਾ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ।

ਪਹਾੜਾਂ ਵਿਚ ਹੋਈ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਪੰਜਾਬ ਵਿਚ ਬੀਤੇ ਕੱਲ੍ਹ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਨੇ ਇਕ ਵਾਰ ਫ਼ਿਰ ਸਰਦੀ ਦਾ ਅਹਿਸਾਸ ਕਰਵਾ ਦਿੱਤਾ। ਵਿਭਾਗ ਵੱਲੋਂ ਅੱਜ ਭਾਵੇਂ ਬਾਰਿਸ਼ ਦੀ ਸੰਭਾਵਨਾ ਤਾਂ ਨਹੀਂ ਜਤਾਈ ਗਈ, ਪਰ ਸੂਬੇ ਭਰ ਵਿਚ ਸੀਤ ਲਹਿਰ ਅਤੇ ਧੁੰਦ ਦੀ ਸੰਭਾਵਨਾ ਗਈ ਹੈ। ਉੱਥੇ ਹੀ 27 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਫ਼ਿਰ ਤੋਂ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਹਨ। ਵਿਭਾਗ ਮੁਤਾਬਕ 2 ਦਿਨਾਂ ਤਕ ਸੂਬੇ ਦੇ ਤਾਪਮਾਨ ਵਿਚ ਕੋਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਤੇ ਉਸ ਤੋਂ ਬਾਅਦ 4 ਤੋਂ 6 ਡਿਗਰੀ ਤਾਪਮਾਨ ਵਧਣ ਤੋਂ ਬਾਅਦ ਇਕ ਵਾਰ ਫ਼ਿਰ ਥੋੜ੍ਹੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਭਰ ਵਿਚ ਸੀਤ ਲਹਿਰ ਤੇ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ। ਇਸੇ ਕਾਰਨ ਅੱਜ 10 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਤੇ ਬਾਕੀਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਵਿਭਾਗ ਮੁਤਾਬਕ ਗੁਰਦਾਸਪੁਰ, ਲੁਧਿਆਣਾ, ਬਰਨਾਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਸੰਘਣੀ ਤੋਂ ਸੰਘਣੀ ਧੁੰਦ ਦੇ ਮੱਦੇਨਜ਼ਰ ਅਤੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਵਿਚ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
