ICC ਟੈਸਟ ਰੈਂਕਿੰਗ: ਚੋਥੇ ਸਥਾਨ ''ਤੇ ਪੁੱਜੇ ਬੁਮਰਾਹ, ਕੋਹਲੀ ਖਿਸਕੇ

Wednesday, Mar 16, 2022 - 04:36 PM (IST)

ਦੁਬਈ (ਭਾਸ਼ਾ)- ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੌਰਾਨ ਘਰੇਲੂ ਮੈਦਾਨ ’ਤੇ ਪਹਿਲੀ ਵਾਰ 5 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 6 ਸਥਾਨ ਦੇ ਫ਼ਾਇਦੇ ਨਾ ਅੱਜ ਜਾਰੀ ਆਈ.ਸੀ.ਸੀ. ਟੈਸਟ ਰੈਂਕਿੰਗ ’ਚ ਗੇਂਦਬਾਜ਼ਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਪਰ ਵੱਡੀਆਂ ਪਾਰੀਆਂ ਖੇਡਣ ਲਈ ਜੂਝ ਰਹੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬੱਲੇਬਾਜ਼ੀ ਰੈਂਕਿੰਗ 'ਚ 9ਵੇਂ ਸਥਾਨ 'ਤੇ ਖਿਸਕ ਗਏ ਹਨ।

ਬੈਂਗਲੁਰੂ 'ਚ ਸ਼੍ਰੀਲੰਕਾ ਖ਼ਿਲਾਫ਼ ਦੂਜੇ ਡੇ-ਨਾਈਟ ਟੈਸਟ 'ਚ ਬੁਮਰਾਹ ਨੇ ਕੁੱਲ 8 ਵਿਕਟਾਂ ਲਈਆਂ ਸਨ। ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲਣ 'ਚ ਨਾਕਾਮ ਰਹੇ ਸਾਬਕਾ ਕਪਤਾਨ ਕੋਹਲੀ 4 ਸਥਾਨ ਦੇ ਨੁਕਸਾਨ ਨਾਲ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 10ਵੇਂ ਸਥਾਨ 'ਤੇ ਹਨ। ਕੋਹਲੀ ਨੇ ਮੋਹਾਲੀ 'ਚ ਪਹਿਲੇ ਟੈਸਟ 'ਚ 45 ਦੌੜਾਂ ਬਣਾਈਆਂ ਸਨ ਪਰ ਦੂਜੇ ਟੈਸਟ 'ਚ ਉਹ 23 ਅਤੇ 13 ਦੌੜਾਂ ਹੀ ਬਣਾ ਸਕੇ। ਨਵੰਬਰ 2019 ਵਿਚ ਬੰਗਲਾਦੇਸ਼ ਖ਼ਿਲਾਫ਼ 136 ਦੌੜਾਂ ਦੀ ਪਾਰੀ ਤੋਂ ਬਾਅਦ ਉਹ ਸੈਂਕੜਾ ਨਹੀਂ ਬਣਾ ਸਕੇ ਹਨ। ਬੱਲੇਬਾਜ਼ੀ ਰੈਂਕਿੰਗ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ 6ਵੇਂ ਸਥਾਨ 'ਤੇ ਬਰਕਰਾਰ ਹਨ। ਉਹ ਰੈਂਕਿੰਗ 'ਚ ਚੋਟੀ ਦੇ ਭਾਰਤੀ ਹਨ। ਬੈਂਗਲੁਰੂ 'ਚ 92 ਅਤੇ 67 ਦੌੜਾਂ ਦੀ ਪਾਰੀ ਖੇਡਣ ਵਾਲੇ ਸ਼੍ਰੇਅਸ ਅਈਅਰ 40 ਸਥਾਨਾਂ ਦੀ ਛਲਾਂਗ ਲਗਾ ਕੇ 37ਵੇਂ ਸਥਾਨ 'ਤੇ ਪਹੁੰਚ ਗਏ ਹਨ।

ਬੈਂਗਲੁਰੂ 'ਚ ਭਾਰਤ ਖ਼ਿਲਾਫ਼ ਦੂਜੀ ਪਾਰੀ 'ਚ 107 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਵਾਲੇ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਕਰੀਅਰ ਦੇ ਸਰਵੋਤਮ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਨੇ ਇਕ ਵਾਰ ਫਿਰ ਭਾਰਤ ਦੇ ਰਵਿੰਦਰ ਜਡੇਜਾ ਨੂੰ ਪਛਾੜ ਕੇ ਦੁਨੀਆ ਦੇ ਨੰਬਰ ਇਕ ਟੈਸਟ ਆਲਰਾਊਂਡਰ ਬਣ ਗਏ ਹਨ। ਜਡੇਜਾ ਮੋਹਾਲੀ 'ਚ ਪਹਿਲੇ ਟੈਸਟ 'ਚ ਅਜੇਤੂ 175 ਦੌੜਾਂ ਬਣਾ ਕੇ 9 ਵਿਕਟਾਂ ਦੇ ਨਾਲ ਪਿਛਲੇ ਹਫ਼ਤੇ ਨੰਬਰ ਇਕ ਟੈਸਟ ਆਲਰਾਊਂਡਰ ਬਣੇ ਸਨ। ਆਲਰਾਊਂਡਰਾਂ ਦੀ ਸੂਚੀ 'ਚ ਰਵੀਚੰਦਰਨ ਅਸ਼ਵਿਨ, ਸ਼ਾਕਿਬ ਅਲ ਹਸਨ ਅਤੇ ਬੇਨ ਸਟੋਕਸ ਚੋਟੀ ਦੇ 5 'ਚ ਸ਼ਾਮਲ ਹਨ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਮੁਹੰਮਦ ਸ਼ਮੀ ਇਕ ਸਥਾਨ ਦੇ ਫ਼ਾਇਦੇ ਨਾਲ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਜਡੇਜਾ ਇਕ ਸਥਾਨ ਹੇਠਾਂ 18ਵੇਂ ਸਥਾਨ 'ਤੇ ਖਿਸਕ ਗਏ ਹਨ। ਟੈਸਟ ਰੈਂਕਿੰਗ 'ਚ ਚੋਟੀ ਦੇ 3 ਗੇਂਦਬਾਜ਼ ਪੈਟ ਕਮਿੰਸ, ਅਸ਼ਵਿਨ ਅਤੇ ਕਾਗਿਸੋ ਰਬਾਡਾ ਨੇ ਆਪਣੀ ਪਿਛਲੀ ਰੈਂਕਿੰਗ ਬਰਕਰਾਰ ਰੱਖੀ ਹੈ।


cherry

Content Editor

Related News