ਓਲੰਪਿਕ ''ਚ ਸ਼ਾਮਲ ਹੋਵੇ ਕ੍ਰਿਕਟ : ਲਾਰਾ

Thursday, Sep 06, 2018 - 03:49 PM (IST)

ਓਲੰਪਿਕ ''ਚ ਸ਼ਾਮਲ ਹੋਵੇ ਕ੍ਰਿਕਟ : ਲਾਰਾ

ਨਿਊਯਾਰਕ— ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਕ੍ਰਿਕਟ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸਤਵੇਂ ਨੰਬਰ 'ਤੇ ਮੌਜੂਦ ਲਾਰਾ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਟਵੰਟੀ-20 ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਖੱਬੇ ਹੱਥ ਦੇ ਮਹਾਨ ਬੱਲੇਬਾਜ਼ ਲਾਰਾ ਨੇ ਵੈਸਟਇੰਡੀਜ਼ ਵੱਲੋਂ 299 ਇਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਹਨ ਪਰ ਟਵੰਟੀ-20 ਕ੍ਰਿਕਟ ਦੇ ਕੌਮਾਂਤਰੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਰਾ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਲਾਰਾ ਨੇ ਕਿਹਾ, ''ਆਪਣੇ ਦੂਜੇ ਟੈਸਟ ਮੈਚ ਖੇਡਣ ਤੋਂ ਪਹਿਲਾਂ ਮੇਰੇ ਕੋਲ 25 ਇਕ ਰੋਜ਼ਾ ਮੈਚ ਖੇਡਣ ਦਾ ਤਜਰਬਾ ਸੀ ਜਿਸ ਨਾਲ ਮੈਨੂੰ ਹਮਲਾਵਰ ਪਹਿਲੂ ਨੂੰ ਸਮਝਣ 'ਚ ਕਾਫੀ ਆਸਾਨੀ ਹੋਈ। ਜੇਕਰ ਮੈਨੂੰ ਅੱਜ ਦੇ ਦੌਰ 'ਚ ਟਵੰਟੀ-20 ਕ੍ਰਿਕਟ ਖੇਡਣਾ ਹੁੰਦਾ ਤਾਂ ਇਸ ਨਾਲ ਮੇਰੀ ਟੈਸਟ ਖੇਡਣ ਦੀ ਸਮਰਥਾ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਮੇਰੀ ਟੈਸਟ ਦੀ ਸਕੋਰਿੰਗ ਸੁਭਾਵਕ ਤੌਰ 'ਤੇ ਤੇਜ਼ ਰਹਿੰਦੀ।''

ਜ਼ਿਕਰਯੋਗ ਹੈ ਕਿ 1900 'ਚ ਪੈਰਿਸ 'ਚ ਹੋਈਆਂ ਓਲੰਪਿਕ ਖੇਡਾਂ 'ਚ ਅੰਤਿਮ ਵਾਰ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ 'ਚ ਗ੍ਰੇਟ ਬ੍ਰਿਟੇਨ ਨੇ ਸੋਨ ਤਮਗਾ ਜਿੱਤਿਆ ਸੀ। ਲਾਰਾ ਨੇ ਕਿਹਾ, ''ਟਵੰਟੀ-ਟਵੰਟੀ ਦਾ ਫਾਰਮੈਟ ਸਿਰਫ ਤਿੰਨ ਘੰਟਿਆਂ 'ਚ ਨਿਬੜ ਜਾਂਦਾ ਹੈ ਇਸ ਲਈ ਮੈਨੂੰ ਲਗਦਾ ਹੈ ਕਿ ਇਸ ਨੂੰ ਓਲੰਪਿਕ ਖੇਡਾਂ 'ਚ ਕਿਉਂ ਨਹੀਂ ਸ਼ਾਮਲ ਕੀਤਾ ਜਾ ਸਕਦਾ। ਗੋਲਫ ਨੂੰ ਓਲੰਪਿਕ 'ਚ ਦੇਖਣਾ ਚੰਗਾ ਲੱਗਾ ਪਰ ਹੁਣ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।''


Related News