ਬ੍ਰਾਜ਼ੀਲੀ ਫੁੱਟਬਾਲ ਮੁਖੀ ਨੂੰ ਯੌਨ ਸ਼ੋਸ਼ਣ ਦੇ ਦੋਸ਼ ’ਚ ਕੀਤਾ ਮੁਅੱਤਲ

Monday, Jun 07, 2021 - 11:55 AM (IST)

ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਫੁੱਟਬਾਲ ਕਨਫੈੱਡਰੇਸ਼ਨ (ਸੀ. ਬੀ. ਐੱਫ.) ਦੇ ਪ੍ਰਧਾਨ ਰੋਜੇਰੀਓ ਕਾਬੋਕਲੋ ਨੂੰ ਯੌਨ ਸ਼ੋਸ਼ਣ ਦੇ ਦੋਸ਼ਾਂ ਤਹਿਤ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸੀ. ਬੀ. ਐੱਫ. ਨੇ ਐਤਵਾਰ ਇੱਕ ਬਿਆਨ ’ਚ ਕਿਹਾ ਕਿ ਨੈਤਿਕਤਾ ਕਮੇਟੀ ਨੇ ਉਸ ਨੂੰ ਕਾਬੋਕਲੋ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਕਮੇਟੀ ਫਿਲਹਾਲ ਦੋਸ਼ਾਂ ਦੀ ਪੜਤਾਲ ਕਰ ਰਹੀ ਹੈ ਅਤੇ ਮੁਅੱਤਲੀ ਵਧਾਈ ਜਾ ਸਕਦੀ ਹੈ। ਕਾਬੋਕਲੋ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।

ਗਲੋਬੋ ਈਸਪੋਰਟ ਵੈੱਬਸਾਈਟ ਦੇ ਅਨੁਸਾਰ ਉਸ ’ਤੇ ਸ਼ੁੱਕਰਵਾਰ ਨੂੰ ਇਕ ਸਾਬਕਾ ਮਹਿਲਾ ਕਰਮਚਾਰੀ ਵੱਲੋਂ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਕਾਬੋਕਲੋ ਦੇ ਵਕੀਲ ਨੇ ਸ਼ਨੀਵਾਰ ਕਿਹਾ ਕਿ ਕਾਬੋਕਲੋ ਇਸ ਕੇਸ ’ਚ ਆਪਣੀ ਬੇਗੁਨਾਹੀ ਸਾਬਤ ਕਰੇਗਾ ਪਰ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ। ਕਾਬੋਕੋਲੋ ਦੀ ਅਗਵਾਈ ’ਚ ਹੀ ਬ੍ਰਾਜ਼ੀਲ ਨੇ ਪਿਛਲੇ ਹਫ਼ਤੇ ਹੀ ਕੋਪਾ ਅਮਰੀਕਾ ਦੀ ਮੇਜ਼ਬਾਨੀ ਹਾਸਲ ਕੀਤੀ ਸੀ, ਜਿਸ ਦੀ ਸ਼ੁਰੂਆਤ 13 ਜੂਨ ਨੂੰ ਹੋਣੀ ਹੈ। ਅਰਜਨਟੀਨਾ ਅਤੇ ਕੋਲੰਬੀਆ ਨੂੰ ਸਾਂਝੀ ਮੇਜ਼ਬਾਨੀ ਤੋਂ ਹਟਾਏ ਜਾਣ ਤੋਂ ਬਾਅਦ ਬ੍ਰਾਜ਼ੀਲ ਨੂੰ ਇਸ ਮਹਾਦੀਪੀ ਟੂਰਨਾਮੈਂਟ ਦੇ ਆਯੋਜਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਕਾਬੋਕਲੋ ਦੀ ਥਾਂ 82 ਸਾਲਾ ਐਂਟੋਨੀਓ ਕਾਰਲੋਸ ਨੈਨਸ ਅੰਤਰਿਮ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣਗੇ। ਨੈਨਸ ਨੇ ਇਸ ਤੋਂ ਪਹਿਲਾਂ ਕਾਬੋਕਲੋ ਤੋਂ ਪਹਿਲੇ ਮੁਖੀ ਮਾਰਕੋਪੋਲੋ ਡੈਲ ਨੀਰੋ ਨੂੰ ਫੀਫਾ ਵੱਲੋਂ ਭ੍ਰਿਸ਼ਟਾਚਾਰ ਲਈ ਪਾਬੰਦੀਸ਼ੁਦਾ ਕਰਨ ਤੋਂ ਬਾਅਦ 2017 ਤੋਂ 2019 ਤੱਕ ਇਹ ਅਹੁਦਾ ਸੰਭਾਲਿਆ ਸੀ।


Manoj

Content Editor

Related News