ਦੋ ਖਿਡਾਰੀਆਂ ਨੇ ਬਾਊਂਡਰੀ ''ਤੇ ਮਿਲ ਕੇ ਕੀਤਾ ਹੈਰਾਨੀਜਨਕ ਕੈਚ, ਪਰ ਹੋ ਗਿਆ ਵਿਵਾਦ (ਵੀਡੀਓ)

01/09/2020 5:01:08 PM

ਸਪੋਰਟਸ ਡੈਸਕ— ਆਸਟਰੇਲੀਆ 'ਚ ਖੇਡੀ ਜਾ ਰਹੀ ਬਿਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਇਕ ਮੁਕਾਬਲੇ 'ਚ ਇਕ ਕੈਚ ਉਸ ਸਮੇਂ ਵਿਵਾਦਾਂ ਦਾ ਹਿੱਸਾ ਬਣ ਗਿਆ ਜਦੋਂ ਇਕ ਖਿਡਾਰੀ ਨੇ ਬਾਊਂਡਰੀ ਲਾਈਨ ਦੇ ਬਾਹਰ ਜਾ ਕੇ ਹਵਾ 'ਚ ਉਛਲ ਕੇ ਗੇਂਦ ਨੂੰ ਮੈਦਾਨ ਦੇ ਅੰਦਰ ਕੀਤਾ ਅਤੇ ਫਿਰ ਦੂਜੇ ਖਿਡਾਰੀ ਨੇ ਉਸ ਗੇਂਦ ਨੂੰ ਕੈਚ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ ਮੈਥਿਊ ਵੇਡ ਨੂੰ ਆਊਟ ਦੇ ਦਿੱਤਾ ਗਿਆ। ਇਹੋ ਉਹ ਘਟਨਾ ਸੀ ਜੋ ਇਸ ਮੈਚ 'ਚ ਸੁਰਖ਼ੀਆਂ 'ਚ ਰਹੀ ਅਤੇ ਸੋਸ਼ਲ ਮੀਡੀਆ 'ਤੇ ਇਹ ਕੈਚ ਛਾਇਆ ਜਿਸ ਨੂੰ ਲੋਕ ਆਊਟ ਓਰ ਨਾਟ ਆਊਟ ਦੇ ਨਾਂ ਨਾਲ ਟਵੀਟ ਕਰ ਰਹੇ ਹਨ।

ਦਰਅਸਲ ਬੀ. ਬੀ. ਐੱਲ. ਦਾ 29ਵਾਂ ਮੁਕਾਬਲਾ ਬ੍ਰਿਸਬੇਨ ਦੇ ਗਾਬਾ 'ਚ ਮੇਜ਼ਬਾਨ ਬ੍ਰਿਸਬੇਨ ਹੀਟ ਅਤੇ ਹੋਬਰਟ ਹਰੀਕੇਂਸ ਵਿਚਾਲੇ ਜਾਰੀ ਸੀ। ਹੋਬਰਟ ਦੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਉਨ੍ਹਾਂ ਦੇ 15ਵੇਂ ਓਵਰ 'ਚ ਟੀਮ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਮੈਥਿਊ ਵੇਡ ਬੱਲੇਬਾਜ਼ੀ ਕਰ ਰਹੇ ਸਨ। ਵੇਡ ਨੇ ਗੇਂਦ ਨੂੰ ਲਾਂਗ ਆਨ 'ਤੇ ਖੇਡਿਆ ਜਿੱਥੇ ਰੇਨਸ਼ਾਅ ਫੀਲਡਿੰਗ ਕਰ ਰਹੇ ਸਨ। ਰੇਨਸ਼ਾਅ ਨੇ ਬਾਊਂਡਰੀ ਵੱਲ ਆਉਂਦੀ ਗੇਂਦ ਨੂੰ ਕੈਚ ਕੀਤਾ ਪਰ ਆਪਣਾ ਸੰਤੁਲਨ ਨਾ ਬਣਾ ਸਕੇ।

ਆਪਣਾ ਸੰਤੁਲਨ ਬਣਾਉਣ ਅਤੇ ਫਿਰ ਤੋਂ ਕੈਚ ਫੜਨ ਲਈ ਉਨ੍ਹਾਂ ਨੇ ਗੇਂਦ ਨੂੰ ਹਵਾ 'ਚ ਉਛਾਲ ਦਿੱਤਾ, ਪਰ ਗੇਂਦ ਬਾਊਂਡਰੀ ਰੋਪ ਤੋਂ ਬਾਹਰ ਚਲੀ ਗਈ। ਅਜਿਹੇ 'ਚ ਉਨ੍ਹਾਂ ਨੇ ਬਾਊਂਡਰੀ ਦੇ ਬਾਹਰ ਰਹਿ ਕੇ ਉਛਲਦੇ ਹੋਏ ਗੇਂਦ ਨੂੰ ਦੂਜੇ ਖਿਡਾਰੀ ਟਾਮ ਬੈਂਟਨ ਕੋਲ ਸੁੱਟ ਦਿੱਤਾ। ਬੈਂਟਨ ਨੇ ਗੇਂਦ ਫੜੀ ਅਤੇ ਕਾਫੀ ਦੇਰ ਤਕ ਚੈੱਕ ਕਰਨ ਦੇ ਬਾਅਦ ਥਰਡ ਅੰਪਾਇਰ ਨੇ ਬੱਲੇਬਾਜ਼ ਮੈਥਿਊ ਵੇਡ ਨੂੰ ਆਊਟ ਕਰਾਰ ਦੇ ਦਿੱਤਾ। ਹਾਲਾਂਕਿ ਪਾਰੀ ਖਤਮ ਹੋਣ ਦੇ ਬਾਅਦ ਬੱਲੇਬਾਜ਼ ਮੈਥਿਊ ਵੇਡ ਨੇ ਪ੍ਰਸਾਰਣਕਰਤਾ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਫੀਲਡਿੰਗ ਚੰਗੀ ਸੀ ਪਰ ਨਿਯਮ ਕੀ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਉਨ੍ਹਾਂ ਦੇ ਨਾਲ-ਨਾਲ ਫੈਨਜ਼ ਅਤੇ ਕੁਮੈਂਟੇਟਰ ਵੀ ਅੰਪਾਇਰ ਦੇ ਫੈਸਲੇ 'ਤੇ ਹੈਰਾਨ ਸਨ।

 


Tarsem Singh

Content Editor

Related News