ਹਾਲੇਪ ਤੇ ਵੋਜਨਿਆਕੀ ਵਿਚਾਲੇ ਹੋਵੇਗੀ ਖਿਤਾਬੀ ਜੰਗ

01/26/2018 4:41:49 AM

ਮੈਲਬੋਰਨ— ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਇਸ ਵਾਰ ਮਹਿਲਾ ਸਿੰਗਲਜ਼ ਖਿਤਾਬ ਲਈ ਵਿਸ਼ਵ ਦੀ ਨੰਬਰ ਇਕ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ ਦੂਜੀ ਰੈਂਕਿੰਗ ਦੀ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਵਿਚਾਲੇ ਜੰਗ ਹੋਵੇਗੀ, ਜਿਹੜਾ ਦੋਵਾਂ ਚੋਟੀ ਦੀਆਂ ਖਿਡਾਰਨਾਂ ਦੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਵੀ ਹੋਵੇਗਾ।
ਵੋਜਨਿਆਕੀ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ਵਿਚ ਬੈਲਜੀਅਮ ਦੀ ਐਲਿਸ ਮਾਰਟਨਸ ਨੂੰ 6-3, 7-6 ਨਾਲ ਹਰਾ ਕੇ ਕਰੀਅਰ ਵਿਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸਦੇ ਸਾਹਮਣੇ ਹਾਲੇਪ ਦੀ ਚੁਣੌਤੀ ਹੋਵੇਗੀ, ਜਿਸ ਨੇ ਇਕ ਹੋਰ ਮੁਕਾਬਲੇ ਵਿਚ ਸਾਬਕਾ ਨੰਬਰ ਵਨ ਜਰਮਨੀ ਦੀ ਐਂਜੇਲਿਕ ਕਰਬਰ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ਵਿਚ 6-3, 4-6, 9-7 ਨਾਲ ਹਰਾ ਕੇ ਰਾਡ ਲੇਵਰ ਏਰੇਨਾ ਵਿਚ ਫਾਈਨਲ ਦੀ ਟਿਕਟ ਕਟਾ ਲਈ।
ਵਿਸ਼ਵ ਦੀ ਮੌਜੂਦਾ ਨੰੰਬਰ ਇਕ ਮਹਿਲਾ ਖਿਡਾਰਨ ਹਾਲੇਪ ਨੇ ਸਖਤ ਮੁਕਾਬਲੇ ਵਿਚ ਦੋ ਮੈਚ ਅੰਕ ਬਚਾਉਂਦਿਆਂ ਦੋ ਘੰਟੇ 20 ਮਿੰਟ ਵਿਚ ਜਿੱਤ ਆਪਣੇ ਨਾਂ ਕੀਤੀ। ਰੋਮਾਨੀਆਈ ਖਿਡਾਰਨ ਨੇ ਚੌਥੇ ਮੈਚ ਪੁਆਇੰਟ 'ਤੇ ਕਰਬਰ ਦੀ ਸਰਵਿਸ ਬ੍ਰੇਕ ਕੀਤੀ ਤੇ ਜਿੱਤ ਤੈਅ ਕੀਤੀ। ਹਾਲੇਪ ਨੇ ਮੈਚ ਵਿਚ ਛੇ ਐਸ ਤੇ 50 ਵਿਨਰਸ ਲਾਏ ਜਦਕਿ ਕਰਬਰ ਸੱਤ ਵਾਰ ਰੋਮਾਨੀਆਈ ਖਿਡਾਰਨ ਦੀ ਸਰਵਿਸ ਬ੍ਰੇਕ ਕਰਨ ਦੇ ਬਾਵਜੂਦ ਜਿੱਤ ਦਰਜ ਨਹੀਂ ਕਰ ਸਕੀ।
ਇਸ ਤੋਂ ਪਹਿਲਾਂ ਵੋਜਨਿਆਕੀ ਨੇ ਮਾਰਟਨਸ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ, ਜਿਹੜੀ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਬੈਲਜੀਅਮ ਦੀ ਪਹਿਲੀ ਮਹਿਲਾ ਖਿਡਾਰਨ ਹੈ। ਡੈੱਨਮਾਰਕ ਦੀ ਖਿਡਾਰਨ ਪਹਿਲੀ ਵਾਰ ਮੈਲਬੋਰਨ ਫਾਈਨਲ ਵਿਚ ਪਹੁੰਚੀ ਹੈ।
ਦੋਵਾਂ ਦੇ ਨਾਂ ਨਹੀਂ ਹੈ ਕੋਈ ਗ੍ਰੈਂਡ ਸਲੈਮ ਖਿਤਾਬ 
ਵੋਜਨਿਆਕੀ ਨੇ 67 ਹਫਤੇ ਨੰਬਰ ਵਨ ਖਿਡਾਰਨ ਰਹਿਣ ਦੇ ਬਾਵਜੂਦ ਕਰੀਅਰ ਵਿਚ ਇਕ ਵੀ ਗ੍ਰੈਂਡ ਸਲੈਮ ਨਹੀਂ ਜਿੱਤਿਆ ਤੇ ਉਹ ਪਹਿਲੀ ਅਜਿਹੀ ਖਿਡਾਰਨ ਹੈ, ਜਿਸਦੇ ਚੋਟੀ 'ਤੇ ਰਹਿਣ ਦੇ ਬਾਵਜੂਦ ਵੀ ਉਸਦੇ ਕੋਲ ਚਾਰੇ ਮੇਜਰ ਖਿਤਾਬਾਂ ਵਿਚੋਂ ਇਕ ਵੀ ਨਹੀਂ ਹੈ ਪਰ ਉਸ ਨੇ 25 ਡਬਲਯੂ. ਟੀ. ਏ. ਖਿਤਾਬ ਜਿੱਤੇ ਹਨ। ਜੇਕਰ ਵੋਜਨਿਆਕੀ ਖਿਤਾਬ ਜਿੱਤ ਜਾਂਦੀ ਹੈ ਤਾਂ ਉਹ ਦੋਬਾਰਾ ਤੋਂ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਜਾਵੇਗੀ। ਉਸ ਨੇ ਇਸ ਤੋਂ ਪਹਿਲਾਂ ਆਪਣੇ ਆਖਰੀ ਦੋਵੇਂ ਯੂ. ਐੱਸ. ਓਪਨ ਸੈਮੀਫਾਈਨਲ ਹਾਰੇ ਹਨ। ਉਥੇ ਹੀ ਮੌਜੂਦਾ ਨੰਬਰ ਵਨ ਹਾਲੇਪ ਵੀ ਚੋਟੀ ਰੈਂਕ 'ਤੇ ਹੋਣ ਦੇ ਬਾਵਜੂਦ ਕਰੀਅਰ ਵਿਚ ਇਕ ਵੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੀ ਹੈ।


Related News