ਏਬੀ ਡਿਵਿਲੀਅਰਜ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਵਿਰਾਟ ਕੋਹਲੀ ਨੇ ਦੱਸਿਆ ਆਪਣੇ ਸਮੇਂ ਦਾ ਸਰਵੋਤਮ ਖਿਡਾਰੀ

Friday, Nov 19, 2021 - 05:01 PM (IST)

ਏਬੀ ਡਿਵਿਲੀਅਰਜ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਵਿਰਾਟ ਕੋਹਲੀ ਨੇ ਦੱਸਿਆ ਆਪਣੇ ਸਮੇਂ ਦਾ ਸਰਵੋਤਮ ਖਿਡਾਰੀ

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏਬੀ ਡਿਵਿਲੀਅਰਜ਼ ਦੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਦੀ ਖੇਡ ਦੀ ਸ਼ਲਾਘਾ ਕਰਦੇ ਹੋਏ ਵਿਦਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੋਹਲੀ ਨੇ ਡਿਵਿਲੀਅਰਸ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਸਮੇਂ ਦਾ ਸਰਵੋਤਮ ਖਿਡਾਰੀ ਕਰਾਰ ਦਿੱਤਾ। ਆਧੁਨਿਕ ਕ੍ਰਿਕੇਟ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ ਵਿਚੋਂ ਇਕ ਡਿਵਿਲੀਅਰਸ ਨੇ 17 ਸਾਲਾਂ ਤੱਕ ਆਪਣੀ '360 ਡਿਗਰੀ ਬੱਲੇਬਾਜ਼ੀ' ਨਾਲ ਨਵੀਆਂ ਉਚਾਈਆਂ ਨੂੰ ਛੂਹਣ ਤੋਂ ਬਾਅਦ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ। ਇਸ 37 ਸਾਲਾ ਖਿਡਾਰੀ ਨੇ ਟਵਿੱਟਰ 'ਤੇ ਇਹ ਐਲਾਨ ਕੀਤਾ। ਉਨ੍ਹਾਂ ਲਿਖਿਆ, 'ਆਪਣੇ ਵੱਡੇ ਭਰਾਵਾਂ ਨਾਲ ਘਰ ਦੇ ਵਿਹੜੇ ਵਿਚ ਖੇਡਣ ਤੋਂ ਲੈ ਕੇ ਹੁਣ ਤੱਕ ਮੈਂ ਇਸ ਖੇਡ ਦਾ ਪੂਰਾ ਆਨੰਦ ਲਿਆ ਹੈ। ਹੁਣ 37 ਸਾਲ ਦੀ ਉਮਰ ਵਿਚ ਲੱਗਦਾ ਹੈ ਕਿ ਇਹ ਲੋਅ ਹੁਣ ਓਨੀ ਤੇਜ਼ ਨਹੀਂ ਰਹੀ ਹੈ।'

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ‘ਦਿ ਗਰੇਟ ਖਲੀ’, ‘ਆਪ’ ’ਚ ਸ਼ਾਮਲ ਹੋਣ ਦੀਆਂ ਅਟਕਲਾਂ

PunjabKesari

ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੰਜਰਜ਼ ਬੰਗਲੌਰ ਵਿਚ 2011 ਤੋਂ ਉਨ੍ਹਾਂ ਨਾਲ ਖੇਡਣ ਵਾਲੇ ਭਾਰਤ ਦੇ ਟੈਸਟ ਅਤੇ ਵਨਡੇ ਟੀਮ ਦੇ ਕਪਤਾਨ ਕੋਰਲੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਇਸ ਬਹੁਮੁਖੀ ਦੱਖਣੀ ਅਫ਼ਰੀਕੀ ਕ੍ਰਿਕਟਰ ਦੇ ਵੱਡੇ ਪ੍ਰਸ਼ੰਸਕ ਰਹੇ ਹਨ। ਕੋਹਲੀ ਨੇ ਟਵੀਟ ਕੀਤਾ, ''ਸਾਡੇ ਸਮੇਂ ਦੇ ਸਰਵੋਤਮ ਖਿਡਾਰੀ ਅਤੇ ਸਭ ਤੋਂ ਪ੍ਰੇਰਣਾਦਾਇਕ ਵਿਅਕਤੀ ਹੋਣ ਦੇ ਨਾਤੇ ਮੇਰੇ ਭਰਾ ਜੋ ਤੁਸੀਂ ਆਰ.ਸੀ.ਬੀ. ਲਈ ਕੀਤਾ ਹੈ, ਉਸ 'ਤੇ ਤੁਹਾਨੂੰ ਬਹੁਤ ਮਾਣ ਹੋਣਾ ਚਾਹੀਦਾ ਹੈ। ਸਾਡਾ ਰਿਸ਼ਤਾ ਖੇਡਾਂ ਤੋਂ ਪਰੇ ਹੈ ਅਤੇ ਹਮੇਸ਼ਾ ਰਹੇਗਾ।' ਉਨ੍ਹਾਂ ਕਿਹਾ, 'ਇਸ ਨਾਲ ਮੇਰੇ ਦਿਲ ਨੂੰ ਠੇਸ ਪਹੁੰਚੀ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਆਪਣੇ ਅਤੇ ਆਪਣੇ ਪਰਿਵਾਰ ਲਈ ਸਭ ਤੋਂ ਵਧੀਆ ਫੈਸਲਾ ਲਿਆ ਹੈ।' ਡਿਵਿਲੀਅਰਸ ਨੇ ਦੱਖਣੀ ਅਫਰੀਕਾ ਲਈ 114 ਟੈਸਟ, 228 ਵਨਡੇ ਅਤੇ 78 ਟੀ-20 ਮੈਚ ਖੇਡੇ ਹਨ। ਉਹ ਦੁਨੀਆ ਭਰ ਦੀਆਂ ਟੀ-20 ਫਰੈਂਚਾਇਜ਼ੀ ਲੀਗਾਂ ਵਿਚ ਵੀ ਖੇਡਦੇ ਹਨ।

ਇਹ ਵੀ ਪੜ੍ਹੋ : ਯੋਗ ਗੁਰੂ ਬਾਬਾ ਰਾਮਦੇਵ ਪੁੱਜੇ ਨੇਪਾਲ, ਪਤੰਜਲੀ ਆਯੁਰਵੇਦ ਦੇ 2 TV ਚੈਨਲ ਕਰਨਗੇ ਲਾਂਚ

ਡਿਵਿਲੀਅਰਸ ਨੇ ਆਰ.ਸੀ.ਬੀ. ਲਈ 156 ਮੈਚ ਖੇਡੇ ਹਨ ਅਤੇ 4,491 ਦੌੜਾਂ ਬਣਾਈਆਂ ਹਨ। ਉਹ ਇਸ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਕੋਹਲੀ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ ਮੁੰਬਈ ਇੰਡੀਅਨਜ਼ (2015) ਦੇ ਖ਼ਿਲਾਫ਼ ਅਜੇਤੂ 133 ਅਤੇ ਗੁਜਰਾਤ ਲਾਇੰਸ (2016) ਦੇ ਖ਼ਿਲਾਫ਼ ਨਾਬਾਦ 129 ਦੌੜਾਂ ਬਣਾਈਆਂ ਸਨ, ਜੋ ਕਿਸੇ ਮੈਚ ਵਿਚ ਟੀਮ ਲਈ ਦੂਜਾ ਅਤੇ ਤੀਜਾ ਵਿਅਕਤੀਗਤ ਸਭ ਤੋਂ ਵੱਡਾ ਸਕੋਰ ਹੈ। ਉਨ੍ਹਾਂ ਨੇ 2018 'ਚ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਡਿਵਿਲੀਅਰਸ ਨੇ 2004 ਵਿਚ ਇੰਗਲੈਂਡ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਅਤੇ ਇਸ ਫਾਰਮੈਟ ਵਿਚ 50.66 ਦੀ ਔਸਤ ਨਾਲ 8,765 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵੋਤਮ ਸਕੋਰ  ਨਾਬਾਦ 278 ਦੌੜਾਂ ਹੈ ਅਤੇ ਉਨ੍ਹਾਂ ਦੇ ਨਾਮ 22 ਸੈਂਕੜੇ ਵੀ ਹਨ। ਡੀਵਿਲੀਅਰਸ ਨੇ ਵਨਡੇ ਵਿਚ 25 ਸੈਂਕੜੇ ਲਗਾਏ ਅਤੇ 53.50 ਦੀ ਸ਼ਾਨਦਾਰ ਔਸਤ ਨਾਲ 9,577 ਦੌੜਾਂ ਬਣਾਈਆਂ। ਉਨ੍ਹਾਂ ਨੇ 78 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 26.12 ਦੀ ਔਸਤ ਨਾਲ 1,672 ਦੌੜਾਂ ਬਣਾਈਆਂ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News