ਛੇਤੀ ਹੀ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਕਰ ਸਕਦੇ ਹਨ ਬੇਨ ਸਟੋਕਸ
Monday, Jun 21, 2021 - 08:35 PM (IST)
ਲੰਡਨ— ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਸੱਟ ਤੋਂ ਉੱਭਰਨ ਦੇ ਬਾਅਦ ਕ੍ਰਿਕਟ ’ਚ ਵਾਪਸ ਪਰਤ ਆਏ ਹਨ। ਸਭ ਕੁਝ ਠੀਕ ਰਿਹਾ ਤਾਂ ਉਹ 8 ਜੁਲਾਈ ਨੂੰ ਕਾਰਡਿਫ਼ ’ਚ ਪਾਕਿਸਤਾਨ ਖ਼ਿਲਾਫ਼ ਵਨ-ਡੇ ਮੈਚ ’ਚ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਕਰ ਸਕਦੇ ਹਨ। ਸਟੋਕਸ ਆਗਾਮੀ ਕੁਝ ਦਿਨਾਂ ’ਚ ਇੰਗਲੈਂਡ ਦੇ ਵੱਡੇ ਟੂਰਨਾਮੈਂਟ ਟੀ-20 ਬਲਾਸਟ 2021 ’ਚ ਆਪਣੀ ਘਰੇਲੂ ਕ੍ਰਿਕਟ ਟੀਮ ਡਰਹਮ ਵੱਲੋਂ ਖੇਡਦੇ ਹੋਏ ਦਿਖਾਈ ਦੇਣਗੇ।
ਡਰਹਮ ਕ੍ਰਿਕਟ ਟੀਮ ਨੇ ਟਵਿੱਟਰ ’ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘‘ਤੁਹਾਡਾ ਟੀਮ ’ਚ ਫਿਰ ਤੋਂ ਸਵਾਗਤ ਹੈ। ਬੇਨ ਸਟੋਕਸ।’’ ਜਦਕਿ ਸਟੋਕਸ ਨੇ ਵੀ ਟੀਮ ਦਾ ਧੰਨਵਾਦ ਕਰਦੇ ਹੋਏ ਆਪਣੀ ਵਾਪਸੀ ’ਤੇ ਖ਼ੁਸ਼ੀ ਜ਼ਾਹਰ ਕੀਤੀ ਹੈ। ਡਰਹਮ ਟੀਮ ਨੇ ਕਿਹਾ ਕਿ ਉਹ ਉਮੀਦ ਕਰੇਗੀ ਕਿ ਸਟੋਕਸ ਦੀ ਮੌਜੂਦਗੀ ਨਾਲ ਉਹ ਕੁਆਰਟਰ ਫ਼ਾਾਈਨਲ ’ਚ ਪਹੁੰਚੇ। ਉਮੀਦ ਹੈ ਕਿ ਉਹ ਆਪਣੇ ਅਗਲੇ ਪੰਜੋ ਟੀ-20 ਮੈਚ ਖੇੇਡਣਗੇ, ਕਿਉਂਕਿ ਉਨ੍ਹਾਂ ਦੇ ਇਨ੍ਹਾਂ ਸਾਰੇ ਮੈਚਾਂ ’ਚ ਉਪਲਬਧ ਨਾ ਹੋਣ ਦਾ ਕੋਈ ਕਾਰਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਪਾਕਿਸਤਾਨ ਵਿਰੁੱਧ ਵਨ-ਡੇ ਸੀਰੀਜ਼ ਸ਼ੁਰੂ ਹੋਣ ਤੋਂ 6 ਦਿਨ ਪਹਿਲਾਂ ਡਰਹਮ ਟੀਮ ਲੀਸੇਸਟਰਸ਼ਾਇਰ ਵਿਰੁੱਧ ਮੈਚ ਦੇ ਨਾਲ ਆਪਣੀ ਮੁਹਿੰਮ ਸਮਾਪਤ ਕਰੇਗੀ। ਸਟੋਕਸ ਲਈ ਪਿਛਲਾ ਸਾਲ ਕੁਝ ਚੰਗਾ ਨਹੀਂ ਰਿਹਾ। 2020 ਦੀ ਸ਼ੁਰੂਆਤ ਦੇ ਬਾਅਦ ਤੋਂ ਉਨ੍ਹਾਂ ਨੇ ਇੰਗਲੈਂਡ ਵੱਲੋਂ ਸਿਰਫ਼ ਅੱਧੇ ਮੈਚ ਹੀ ਖੇਡੇ ਹਨ। ਅਪ੍ਰੈਲ ਦੇ ਮੱਧ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਰਾਜਸਥਾਨ ਰਾਇਲਸ ਵੱਲੋਂ ਖੇਡਦੇ ਹੋਏ ਉਨ੍ਹਾਂ ਨੂੰ ਪਹਿਲੇ ਹੀ ਮੈਚ ’ਚ ਕੈਚ ਲੈਂਦੇ ਹੋਏ ਉਂਗਲ ’ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ ਪਰ ਇਸ ਦੌਰਾਨ ਉਹ ਟੀਮ ਨਾਲ ਜੁੜੇ ਰਹੇ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਦੇਸ਼ ਪਰਤਨ ਦਾ ਫ਼ੈਸਲਾ ਲਿਆ।