BCCI ਦਫਤਰ ''ਚ ਹੋ ਗਈ ਚੋਰੀ! ਲੱਖਾਂ ਦਾ ਸਮਾਨ ਗਾਇਬ
Tuesday, Jul 29, 2025 - 11:01 PM (IST)

ਮੁੰਬਈ- ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਬੀ. ਸੀ. ਸੀ. ਆਈ. ਦਫਤਰ ਵਿਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਦਫਤਰ ਵਿਚ ਇੰਨੀ ਸੁਰੱਖਿਆ ਦੇ ਬਾਵਜੂਦ ਵੱਡੀ ਚੋਰੀ ਹੋਣਾ ਇਕ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਚੋਰੀ ਕਿਵੇਂ ਹੋ ਗਈ। ਜਦੋਂ ਇਸ ਚੋਰੀ ਕਰਨ ਵਾਲੇ ਮਾਸਟਰਮਾਈਂਡ ਦੇ ਬਾਰੇ ਪਤਾ ਲੱਗਿਆ ਤਾਂ ਦਫਤਰ 'ਚ ਵੀ ਹਲਚਲ ਮਚ ਗਈ।
ਮੀਡੀਆ ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਦਫਤਰ ਤੋਂ ਆਈ.ਪੀ.ਐਲ. ਜਰਸੀ ਚੋਰੀ ਹੋਈ ਹੈ, ਜਿਸਦੀ ਕੀਮਤ 6.5 ਲੱਖ ਰੁਪਏ ਹੈ। ਰਿਪੋਰਟ ਮੁਤਾਬਕ ਚੋਰ ਕੋਈ ਹੋਰ ਨਹੀ ਬਲਿਕ ਉਥੇ ਦਾ ਹੀ ਇਕ ਗਾਰਡ ਫਾਰੂਕ ਅਸਲਮ ਖਾਨ ਹੈ, ਜਿਸਨੇ 261 ਜਰਸੀਆਂ ਦੀ ਚੋਰੀ ਕੀਤੀ ਅਤੇ ਹਰ ਇਕ ਜਰਸੀ ਦੀ ਕੀਮਤ 2500 ਰੁਪਏ ਦੱਸੀ ਗਈ ਹੈ।
ਹਾਲਾਂਕਿ ਫਾਰੂਕ ਨੂੰ ਚੋਰੀ ਦੇ ਮਾਮਲੇ 'ਚ ਗਿਰਫਤਾਰ ਕਰ ਲਿਆ ਗਿਆ ਹੈ। ਗਿਰਫਤਾਰ ਹੋਣ ਤੋਂ ਬਾਅਦ ਉਸ ਨੇ ਖੁਦ ਪੁਲਸ ਨੂੰ ਦੱਸਿਆ ਕਿ ਆਖਿਰ ਉਸ ਨੇ ਇਹ ਚੋਰੀ ਕਿਉਂ ਕੀਤੀ ? ਪੁਲਸ ਨੇ ਦੱਸਿਆ ਕਿ ਗਾਰਡ ਨੇ ਆਪਣੀ ਆਨਲਾਈ ਜੂਏ ਦੀ ਲਤ ਪੂਰੀ ਕਰਨ ਲਈ ਇੰਨੀਆਂ ਸਾਰੀਆਂ ਜਰਸੀਆਂ ਚੋਰੀ ਕੀਤੀਆਂ ਸਨ। ਚੋਰੀ ਕਰਨ ਦੇ ਬਾਅਦ ਗਾਰਡ ਨੇ ਇਨ੍ਹਾਂ ਜਰਸੀਆਂ ਨੂੰ ਹਰਿਆਣਾ ਦੇ ਇਕ ਆਨਲਾਈਨ ਡੀਲਰ ਨੂੰ ਵੇਚ ਦਿੱਤਾ, ਜਿਸ ਨਾਲ ਉਹ ਸੋਸ਼ਲ ਮੀਡੀਆ ਰਾਹੀਂ ਜੁੜਿਆ ਸੀ।
ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਕਿਟ ਖਿਡਾਰੀਆਂ ਦੀ ਹੈ ਜਾਂ ਇਹ ਕਿਟ ਲੋਕਾਂ ਲਈ ਸੀ। ਇਹ ਜਰਸੀ 13 ਜੂਨ ਨੂੰ ਚੋਰੀ ਹੋਈ ਸੀ ਪਰ ਚੋਰੀ ਦਾ ਪਤਾ ਉਦੋ ਲੱਗਿਆ ਜਦੋਂ ਆਡਿੱਟ ਵਿਚ ਦਿਸਿਆ ਕਿ ਸਟੋਰ ਰੂਮ ਵਿਚੋਂ ਸਟਾਕ ਗਾਇਬ ਹੈ।
ਬੀਸੀਸੀਆਈ ਅਧਿਕਾਰੀਆਂ ਨੇ ਇਸਦੇ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਜਿਸ ਤੋਂ ਪਤਾ ਲਗਾ ਕਿ ਗਾਰਡ ਇਕ ਡੱਬੇ 'ਚ ਜਰਸੀ ਲੈ ਕੇ ਜਾ ਰਿਹਾ ਹੈ । ਪੁਲਸ ਦੇ ਇਕ ਸੂਤਰ ਨੇ ਦੱਸਿਆ ਕਿ ਆਨਲਾਈਨ ਡੀਲਰ ਨੂੰ ਨਹੀ ਪਤਾ ਸੀ ਕਿ ਇਹ ਜਰਸੀ ਚੋਰੀ ਦੀ ਹੈ।