BCCI ਵੱਲੋਂ ਦਿੱਤੇ 5 ਲੱਖ ਡਾਲਰ ਦੇ ਦਾਨ ਦਾ ਹੋਇਆ ਗਲਤ ਇਸਤੇਮਾਲ : ਮਾਈਕਲ ਹੋਲਡਿੰਗ
Thursday, May 21, 2020 - 12:01 PM (IST)

ਲੰਡਨ– ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਦੋਸ਼ ਲਾਇਆ ਹੈ ਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਕ੍ਰਿਕਟ ਵੈਸਟਇੰਡੀਜ਼ ਨੂੰ ਜਿਹੜੇ 5 ਲੱਖ ਡਾਲਰ ਦਾਨ ਦਿੱਤੇ ਸਨ, ਉਸਦਾ ਗਲਤ ਇਸਤੇਮਾਲ ਕੀਤਾ ਗਿਆ ਹੈ। ਉਸ ਨੇ ਇਕ ਯੂਟਿਊਬ ਸ਼ੋਅ ’ਤੇ ਕ੍ਰਿਕਟ ਵੈਸਟਇੰਡੀਜ਼ ’ਤੇ ਵਿੱਤੀ ਬੇਨਿਯਮਾਂ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਹਨ। ਉਸ ਨੇ ਵੈਸਟਇੰਡੀਜ਼ ਵਿਚ ਕ੍ਰਿਕਟ ਪ੍ਰਸ਼ਾਸਨ ’ਤੇ ਪੈਨੇਲ ਕੇਰ ਫੋਸਟਰ ਦੀ ਆਡਿਟ ਰਿਪੋਰਟ ਦਿਖਾਈ। ਉਸ ਨੇ ਕਿਹਾ,‘‘ਭਾਰਤੀ ਬੋਰਡ ਨੇ 2013-14 ਵਿਚ ਵੈਸਟਇੰਡੀਜ਼ ਕ੍ਰਿਕਟ ਨੂੰ 5 ਲੱਖ ਡਾਲਰ ਦਾਨ ਦਿੱਤੇ ਸਨ, ਜਿਹੜੇ ਸਾਬਕਾ ਖਿਡਾਰੀਆਂ ਨੂੰ ਦਿੱਤੇ ਜਾਣੇ ਸਨ, ਮੈਂ ਵੀ ਸਾਬਕਾ ਖਿਡਾਰੀ ਹਾਂ ਤੇ ਅਜਿਹਾ ਨਹੀਂ ਹੈ ਕਿ ਮੈਨੂੰ ਪੈਸੇ ਚਾਹੀਦੇ ਹਨ ਪਰ ਮੈਂ ਕਈ ਸਾਬਕਾ ਖਿਡਾਰੀਆਂ ਨੂੰ ਜਾਣਦਾ ਹਾਂ ਤੇ ਕਿਸੇ ਨੂੰ ਇਸ ਰਕਮ ਦਾ ਇਕ ਫੀਸਦੀ ਵੀ ਨਹੀਂ ਮਿਲਿਆ।’’
ਉਸ ਨੇ ਕਿਹਾ,‘‘ਮੈਨੂੰ ਭਰੋਸਾ ਹੈ ਕਿ ਸਾਡੇ ਬੋਰਡ ਨੇ ਜੇਕਰ ਪੈਸਾ ਦਿੱਤਾ ਹੁੰਦਾ ਤਾਂ ਉਸਦਾ ਕਾਫੀ ਪ੍ਰਚਾਰ ਹੁੰਦਾ। ਉਹ ਪੈਸਾ ਕਿੱਥੇ ਗਿਆ, ਮੈਂ ਜਲਦ ਹੀ ਦੱਸਾਂਗਾ।’’