BCCI ਨੇ ICC ਨੂੰ ਲਾਈ ਫਿੱਟਕਾਰ, ਕਿਹਾ- ਸਾਡੇ ਬਿਨਾ ਤੁਹਾਡਾ ਵਜੂਦ ਹੀ ਕੀ ਹੈ?
Friday, Oct 25, 2019 - 10:53 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਨਿਯੁਕਤ ਖਜ਼ਾਨਚੀ ਅਰੁਣ ਧੂਮਲ ਲਈ ਕੌਮਾਂਤਰੀ ਕ੍ਰਿਕਟ ਪਰਿਸ਼ਦ ( ਆਈ. ਸੀ .ਸੀ.) ਦੀਆਂ ਨੀਤੀਆਂ ਦੇ ਨਿਰਧਾਰਨ 'ਚ ਭਾਰਤ ਦੀ ਭੂਮਿਕਾ ਨਹੀਂ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਨਾਲ ਹੀ ਭਾਰਤ ਦੀ ਅਹਿਮ ਭੂਮਿਕਾ ਨਹੀਂ ਹੋਣ 'ਤੇ ਸੰਸਾਰਕ ਸੰਸਥਾ ਦੀ ਤਰਕਸੰਗਤ ਹੋਂਦ 'ਤੇ ਵੀ ਸਵਾਲ ਉਠਾਏ ਹਨ। ਨਵੇਂ ਪ੍ਰਧਾਨ ਅਤੇ ਸਾਬਕਾ ਧਾਕੜ ਕ੍ਰਿਕਟਰ ਸੌਰਵ ਗਾਂਗੁਲੀ ਦੀ ਅਗਵਾਈ 'ਚ ਨਵੇਂ ਪ੍ਰਸ਼ਾਸਕਾਂ ਦੇ ਅਹੁਦਾ ਸੰਭਾਲਣ ਦੇ ਬਾਅਦ ਧੂਮਲ ਨੇ ਆਪਣੀ ਤਰਜੀਹ 'ਤੇ ਗੱਲ ਕੀਤੀ ਜਿਸ 'ਚ ਬੀ. ਸੀ. ਸੀ. ਆਈ. ਦੇ ਦੁਨੀਆ ਦੇ ਸਭ ਤੋਂ ਅਮੀਰ ਬੋਰਡ ਦੇ ਬਾਵਜੂਦ ਰੈਵੇਨਿਊ 'ਚ ਵਾਧਾ ਕਰਨਾ ਸ਼ਾਮਲ ਹੈ।
ਆਈ. ਸੀ. ਸੀ. ਦੇ ਸੰਚਾਲਨ ਦੀ ਰੂਪ ਰੇਖਾ ਤਿਆਰ ਕਰਨ ਲਈ ਨਵੇਂ ਨਿਯੁਕਤ ਕਾਰਜ ਸਮੂਹ 'ਚ ਭਾਰਤ ਦੀ ਗੈਰਮੌਜੂਦਗੀ ਦੇ ਸੰਦਰਭ 'ਚ ਧੂਮਲ ਨੇ ਕਿਹਾ, ''ਕੀ ਅਸੀਂ ਕਦੀ ਕਲਪਨਾ ਕੀਤੀ ਸੀ ਕਿ ਆਈ. ਸੀ. ਸੀ. ਦੇ ਖਾਕੇ ਦੇ ਨਿਰਧਾਰਨ 'ਚ ਬੀ. ਸੀ. ਸੀ. ਆਈ. ਦਾ ਵੋਟ ਨਹੀਂ ਹੋਵੇਗਾ। ਕਦੀ ਇਸ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਬੀ. ਸੀ. ਸੀ. ਆਈ. ਦੇ ਬਿਨਾ ਆਈ. ਸੀ. ਸੀ. ਕੀ ਹੈ? ਉਨ੍ਹਾਂ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਜਿੱਥੇ ਤਕ 2023-2031 ਦੇ ਭਵਿੱਖ ਦੌਰੇ ਦੇ ਪ੍ਰੋਗਰਾਮ ਦਾ ਸਵਾਲ ਹੈ ਤਾਂ ਉਹ ਆਈ. ਸੀ. ਸੀ. ਦੇ ਨਾਲ ਨਹੀਂ ਹਨ। ਨਵੇਂ ਪ੍ਰਸਤਾਵ 'ਚ ਹਰੇਕ ਸਾਲ ਵਿਸ਼ਵ ਟੀ-20 ਅਤੇ ਹਰੇਕ ਤਿੰਨ ਸਾਲ ਬਾਅਦ ਵਨ-ਡੇ ਕੌਮਾਂਤਰੀ ਵਰਲਡ ਕੱਪ ਦੇ ਆਯੋਜਨ ਦੀ ਵਿਵਸਥਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈ. ਸੀ. ਸੀ. ਇਸੇ ਯੋਜਨਾ ਦੇ ਨਾਲ 2023-2028 ਦੇ ਵਿਸ਼ਵ ਪੱਧਰੀ ਮੀਡੀਆ ਅਧਿਕਾਰ ਲਈ ਬਾਜ਼ਾਰ 'ਚ ਉਤਰੇਗਾ ਅਤੇ ਸਟਾਰ ਸਪੋਰਟਸ ਜਿਹੇ ਸੰਭਾਵੀ ਪ੍ਰਸਾਰਣਕਰਤਾ ਤੋਂ ਉਸ ਨੂੰ ਜ਼ਿਆਦਾ ਰੈਵੇਨਿਊ ਮਿਲਣ ਦੀ ਉਮੀਦ ਹੈ।