ਬੱਲੇਬਾਜ਼ ਅਤੇ ਵਿਕਟਕੀਪਰ ਪਾਰਥਿਵ ਪਟੇਲ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 'ਦਾਦਾ' ਦਾ ਕੀਤਾ ਖ਼ਾਸ ਧੰਨਵਾਦ

Wednesday, Dec 09, 2020 - 01:00 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਲਈ 17 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਣ ਵਾਲੇ ਪਾਰਥਿਵ ਪਟੇਲ ਨੇ ਬੁੱਧਵਾਰ ਨੂੰ ਖੇਡ ਦੇ ਸਾਰੇ ਫਾਰਮੈਟਸ ਨੂੰ ਅਲਵਿਦਾ ਕਹਿ ਦਿੱਤਾ। ਤਿੰਨ ਮਹੀਨੇ ਬਾਅਦ ਆਪਣਾ 36ਵਾਂ ਜਨਮਦਿਨ ਮਨਾਉਣ ਜਾ ਰਹੇ ਪਾਰਥਿਵ ਨੇ ਟਵਿਟਰ ਅਤੇ ਇੰਸਟਾਗਰਾਮ 'ਤੇ ਲਿਖਿਆ, 'ਮੈਂ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਵਿਦਾ ਲੈ ਰਿਹਾ ਹਾਂ। ਭਾਰੇ ਮਨ ਨਾਲ ਆਪਣੇ 18 ਸਾਲ ਦੇ ਕ੍ਰਿਕਟ ਦੇ ਸਫ਼ਰ ਨੂੰ ਸਮਾਪਤ ਕਰ ਰਿਹਾ ਹਾਂ।' ਸੌਰਵ ਗਾਂਗੁਲੀ ਦੀ ਕਪਤਾਨੀ ਵਿਚ 17 ਸਾਲ 153 ਦਿਨ ਦੀ ਉਮਰ ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰਣ ਵਾਲੇ ਪਾਰਥਿਵ ਨੇ 65 ਅੰਤਰਰਾਸ਼ਟਰੀ ਮੈਚ ਖੇਡੇ, ਜਿਨ੍ਹਾਂ ਵਿਚ 25 ਟੈਸਟ, 38 ਵਨਡੇ ਅਤੇ 2 ਟੀ20 ਮੈਚ ਸ਼ਾਮਲ ਹਨ। ਉਨ੍ਹਾਂ ਨੇ 1696 ਦੌੜਾਂ ਬਣਾਈਆਂ, ਜਿਸ ਵਿਚ ਟੈਸਟ ਕ੍ਰਿਕਟ ਵਿਚ 934 ਦੌੜਾਂ ਸ਼ਾਮਲ ਹਨ। ਵਨਡੇ ਕ੍ਰਿਕਟ ਵਿਚ ਉਨ੍ਹਾਂ ਨੇ 4 ਅਰਧ ਸੈਂਕੜਿਆਂ ਸਮੇਤ 736 ਦੌੜਾਂ ਬਣਾਈਆਂ। ਇਸ ਦੇ ਇਲਾਵਾ ਬਤੌਰ ਵਿਕਟਕੀਪਰ ਟੈਸਟ ਵਿਚ 62 ਕੈਚ ਫੜੇ ਅਤੇ 10 ਸਟੰਪਿੰਗ ਕੀਤੀ। ਉਨ੍ਹਾਂ ਨੂੰ 2002 ਵਿਚ ਇੰਗਲੈਂਡ ਦੌਰੇ 'ਤੇ ਭੇਜਿਆ ਗਿਆ, ਜਦੋਂ ਉਨ੍ਹਾਂ ਨੇ ਰਣਜੀ ਟਰਾਫੀ ਕ੍ਰਿਕਟ ਵਿਚ ਸ਼ੁਰੂਆਤ ਵੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

 

pic.twitter.com/QbqdHX00dR

— parthiv patel (@parthiv9) December 9, 2020


ਪਾਰਥਿਵ ਨੇ ਕਿਹਾ, 'ਬੀ.ਸੀ.ਸੀ.ਆਈ. ਨੇ ਕਾਫ਼ੀ ਭਰੋਸਾ ਜਤਾਇਆ ਕਿ 17 ਸਾਲਾਂ ਇਕ ਮੁੰਡਾ ਭਾਰਤ ਲਈ ਖੇਡ ਸਕਦਾ ਹੈ । ਆਪਣੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਵਿਚ ਮੇਰੀ ਇਸ ਤਰ੍ਹਾਂ ਹੌਸਲਾਅਫ਼ਜਾਈ ਕਰਣ ਲਈ ਮੈਂ ਬੋਰਡ ਦਾ ਸ਼ੁਕਰਗੁਜ਼ਾਰ ਹਾਂ  ।' ਉਨ੍ਹਾਂ ਨੇ 2004 ਵਿਚ ਭਾਰਤੀ ਟੀਮ ਵੱਲੋਂ ਬਾਹਰ ਕੀਤੇ ਜਾਣ ਦੇ ਬਾਅਦ ਪਹਿਲਾ ਰਣਜੀ ਮੈਚ ਖੇਡਿਆ।' ਪਾਰਥਿਵ ਨੇ 'ਦਾਦਾ' ਯਾਨੀ ਬੀ.ਸੀ.ਸੀ.ਆਈ. ਪ੍ਰਧਾਨ ਗਾਂਗੁਲੀ ਸਮੇਤ ਸਾਰੇ ਕਪਤਾਨਾਂ ਦਾ ਧੰਨਵਾਦ ਕੀਤਾ। ਮਹਿੰਦਰ ਸਿੰਘ  ਧੋਨੀ ਦੇ ਆਉਣ ਦੇ ਬਾਅਦ ਪਾਰਥਿਵ ਵਿਕਟਕੀਪਰ ਦੇ ਤੌਰ 'ਤੇ ਦੂਜੀ ਪਸੰਦ ਹੋ ਗਏ ਅਤੇ ਬਤੌਰ ਬੱਲੇਬਾਜ਼ ਹੀ ਖੇਡੇ। ਬਾਅਦ ਵਿਚ ਸੀਮਤ ਓਵਰਾਂ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਕੁੱਝ ਮੈਚ ਖੇਡੇ। ਪਾਰਥਿਵ ਨੇ ਹਮੇਸ਼ਾ ਸਵੀਕਾਰ ਕੀਤਾ ਕਿ ਉਹ ਧੋਨੀ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਉਨ੍ਹਾਂ ਨੂੰ ਅਤੇ ਦਿਨੇਸ਼ ਕਾਰਤਿਕ ਨੂੰ ਧੋਨੀ ਤੋਂ ਪਹਿਲਾਂ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰਣ ਦੇ ਮੌਕੇ ਮਿਲੇ ਸਨ। ਉਹ ਘਰੇਲੂ ਕ੍ਰਿਕਟ ਵਿਚ ਕਾਫ਼ੀ ਕਾਮਯਾਬ ਰਹੇ ਅਤੇ 194 ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 27 ਸੈਂਕੜਿਆਂ ਸਮੇਤ 11240 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਅਨੁਸ਼ਕਾ-ਵਿਰਾਟ ਦੀ ਇਸ ਤਸਵੀਰ ਨੂੰ ਮਿਲਿਆ ਬੇਸ਼ੁਮਾਰ ਪਿਆਰ, 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕ'

ਉਨ੍ਹਾਂ ਆਈ.ਪੀ.ਐਲ. ਵਿਚ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼, ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਿਆ। ਇਸ ਵਾਰ ਆਰ.ਸੀ.ਬੀ. ਲਈ ਉਹ ਇਕ ਵੀ ਮੈਚ ਨਹੀਂ ਖੇਡ ਸਕੇ। ਉਨ੍ਹਾਂ  ਕਿਹਾ, 'ਮੈਂ ਆਈ.ਪੀ.ਐਲ. ਟੀਮਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵੀ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਟੀਮ ਵਿਚ ਸ਼ਾਮਲ ਕੀਤਾ ਅਤੇ ਮੇਰਾ ਧਿਆਨ ਰੱਖਿਆ।' ਪਾਰਥਿਵ ਦੀ ਕਪਤਾਨੀ ਵਿਚ ਗੁਜਰਾਤ ਨੇ 2016-17 ਵਿਚ ਰਣਜੀ ਖ਼ਿਤਾਬ ਜਿੱਤਿਆ। ਉਹ ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਦੇ ਪਹਿਲੇ ਕਪਤਾਨ ਰਹੇ, ਜਿਨ੍ਹਾਂ ਦੇ ਨਾਲ 2013 ਵਿਚ ਸੈਯਦ ਮੁਸ਼ਤਾਕ ਅਲੀ  ਟਰਾਫੀ ਖੇਡੀ। ਪਾਰਥਿਵ ਨੇ ਕਿਹਾ, 'ਮੈਨੂੰ ਸੁਕੂਨ ਹੈ ਕਿ ਮੈਂ ਇੱਜ਼ਤ, ਖੇਡ ਭਾਵਨਾ ਅਤੇ ਆਪਸੀ ਸਦਭਾਵਨਾ ਨਾਲ ਖੇਡਿਆ। ਮੈਂ ਜਿੰਨੇ ਸੁਫ਼ਨੇ ਵੇਖੇ ਸਨ, ਉਸ ਤੋਂ ਜ਼ਿਆਦਾ ਪੂਰੇ ਹੋਏ। ਮੈਨੂੰ ਉਮੀਦ ਹੈ ਕਿ ਮੈਨੂੰ ਯਾਦ ਰੱਖਿਆ ਜਾਵੇਗਾ।'

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਕ੍ਰਿਕਟਰ ਮੋਂਟੀ ਪਨੇਸਰ, ਕਿਹਾ-ਮੋਦੀ ਜੀ ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ (ਵੀਡੀਓ)

ਨੋਟ : ਬੱਲੇਬਾਜ਼ ਅਤੇ ਵਿਕਟਕੀਪਰ ਪਾਰਥਿਵ ਪਟੇਲ ਵੱਲੋਂ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News