ਬਾਰਸੀਲੋਨਾ ਨੇ ਕੋਟਿਨਹੋ ਨਾਲ ਕੀਤਾ 1220 ਕਰੋੜ ਰੁਪਏ ਦਾ ਕਰਾਰ

Monday, Jan 08, 2018 - 05:23 AM (IST)

ਮੈਡ੍ਰਿਡ— ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਲੀਵਰਪੂਲ ਦੇ ਸਟਾਰ ਖਿਡਾਰੀ ਤੇ ਬ੍ਰਾਜ਼ੀਲ ਦੇ ਫਿਲਿਪ ਕੋਟਿਨਹੋ ਨਾਲ 160 ਮਿਲੀਅਨ ਯੂਰੋ (ਲੱਗਭਗ 1220 ਕਰੋੜ ਰੁਪਏ) ਦਾ ਕਰਾਰ ਕੀਤਾ ਹੈ, ਜਿਹੜਾ ਫੁੱਟਬਾਲ ਦੇ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਕਰਾਰ ਹੈ। ਕੋਟਿਨਹੋ ਦੇ ਬਾਰਸੀਲੋਨਾ ਨਾਲ ਜੁੜਨ ਦੀਆਂ ਖਬਰਾਂ ਪਿਛਲੇ ਹਫਤੇ ਹੀ ਤੇਜ਼ ਹੋ ਗਈਆਂ ਸਨ, ਜਦੋਂ ਖੇਡ ਸਾਮਾਨ ਬਣਾਉਣ ਵਾਲੀ ਧਾਕੜ ਕੰਪਨੀ ਨਾਈਕੀ ਨੇ ਕੋਟਿਨਹੋ ਦੇ ਨਾਂ ਨੂੰ ਬਾਰਸੀਲੋਨਾ ਸ਼ਰਟ ਲਈ ਇਸ਼ਤਿਹਾਰ 'ਚ ਇਸਤੇਮਾਲ ਕੀਤਾ ਸੀ।
ਇਸ ਇਸ਼ਤਿਹਾਰ 'ਚ ਲਿਖਿਆ ਸੀ, ''ਫਿਲਿਪ ਕੋਟਿਨਹੋ ਕੈਂਪ ਨਾਓ ਨੂੰ ਰੌਸ਼ਨ ਕਰਨ ਲਈ ਤਿਆਰ ਹੈ।'' ਹਾਲਾਂਕਿ ਥੋੜ੍ਹੀ ਹੀ ਦੇਰ ਬਾਅਦ ਇਸ ਇਸ਼ਤਿਹਾਰ ਨੂੰ ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਹਟਾ ਲਿਆ ਸੀ। 25 ਸਾਲਾ ਮਿਡਫੀਲਡਰ ਕੋਟਿਨਹੋ ਲਈ ਬਾਰਸੀਲੋਨਾ ਕਈ ਵਾਰ ਕੋਸ਼ਿਸ਼ ਕਰ ਚੁੱਕਾ ਸੀ ਤੇ ਹੁਣ ਉਸ ਨੇ 40 ਕਰੋੜ ਯੂਰੋ ਜਾਰੀ ਕਰ ਕੇ ਲੀਵਰਪੂਲ ਦੇ ਬ੍ਰਾਜ਼ੀਲੀ ਖਿਡਾਰੀ ਨੂੰ ਆਪਣੀ ਟੀਮ ਨਾਲ ਜੋੜ ਲਿਆ ਹੈ। ਕੋਟਿਨਹੋ ਨੂੰ ਇਸ ਤੋਂ ਪਹਿਲਾਂ ਐਨਫਿਲਡ ਨੇ ਇੰਟਰ ਮਿਲਾਨ ਤੋਂ ਜਨਵਰੀ 2013 'ਚ ਖਰੀਦਿਆ ਸੀ। ਕੋਟਿਨਹੋ ਨੇ ਪੰਜ ਸਾਲ ਐਨਫਿਲਡ ਵਿਚ ਰਹਿਣ ਦੌਰਾਨ ਆਪਣੇ ਕਲੱਬ ਲਈ 54 ਗੋਲ ਕੀਤੇ ਸਨ। 
ਬਾਰਸੀਲੋਨਾ ਕੋਟਿਨਹੋ ਨੂੰ ਪਿਛਲੀ ਜੁਲਾਈ ਵਿਚ ਹੀ ਆਪਣੀ ਟੀਮ ਵਿਚ ਸ਼ਾਮਲ ਕਰਨਾ ਚਾਹੁੰਦੀ ਸੀ ਪਰ ਉਹ ਉਸ ਦੌਰਾਨ ਜ਼ਖ਼ਮੀ ਹੋ ਗਿਆ ਸੀ ਤੇ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਸੈਸ਼ਨ ਵਿਚ ਨਹੀਂ ਖੇਡ ਸਕਿਆ ਸੀ। ਉਸ ਨੇ ਪਿਛਲੇ ਸਾਲ 7 ਮੈਚਾਂ 'ਚ ਛੇ ਗੋਲ ਕੀਤੇ ਸਨ। ਬਾਰਸੀਲੋਨਾ ਲਈ ਪਿਛਲੇ ਸਾਲ ਨੇਮਾਰ ਦੇ ਜਾਣ ਤੋਂ ਬਾਅਦ ਤੋਂ ਕੋਟਿਨਹੋ ਨਾਲ ਕਰਾਰ ਕਰਨਾ ਬਹੁਤ ਵੱਡੀ ਕਾਮਯਾਬੀ ਹੈ। ਕੋਟਿਨਹੋ ਹੁਣ ਸ਼ਨੀਵਾਰ ਤਕ ਆਪਣੇ ਪੁਰਾਣੇ ਕਲੱਬ ਲੀਵਰਪੂਲ ਨਾਲ ਰਹੇਗਾ ਤੇ ਫਿਰ ਇਸ ਤੋਂ ਬਾਅਦ ਉਹ ਆਪਣੀ ਪਤਨੀ ਐਨੀ ਨਾਲ ਸਪੇਨ ਲਈ ਰਵਾਨਾ ਹੋ ਜਾਵੇਗਾ, ਜਿਥੇ ਉਹ ਐਤਵਾਰ ਨੂੰ ਕੈਂਪ ਨਾਓ ਵਿਚ ਆਪਣੀ ਨਵੀਂ ਟੀਮ ਬਾਰਸੀਲੋਨਾ ਨਾਲ ਜੁੜ ਜਾਵੇਗਾ। ਇਸ ਤੋਂ ਪਹਿਲਾਂ ਬਾਰਸੀਲੋਨਾ ਨੇ ਆਪਣੇ ਨੇਮਾਰ ਨਾਲ ਵਰਲਡ ਰਿਕਾਰਡ ਕਰਾਰ ਕਰਦਿਆਂ 22 ਕਰੋੜ ਯੂਰੋ ਵਿਚ ਪੈਰਿਸ ਸੇਂਟ ਜਰਮਨ ਨੂੰ ਵੇਚ ਦਿੱਤਾ ਸੀ। ਬਾਅਦ ਵਿਚ ਬਾਰਸੀਲੋਨਾ ਨੇ 10.5 ਕਰੋੜ ਯੂਰੋ ਖਰਚ ਕਰ ਕੇ ਬੋਰੂਸ ਡੋਰਟਮੰਡ ਦੇ ਔਸਮਾਨੇ ਡੇਂਬਲੇ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ।


Related News