ਤਮੀਮ ਦੇ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਵੈਸਟਇੰਡੀਜ਼ ਤੋਂ ਜਿੱਤੀ ਸੀਰੀਜ਼
Sunday, Jul 29, 2018 - 01:05 PM (IST)
ਬਾਸੇਟੇਰੇ : ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੀ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ ਆਖਰੀ ਓਵਰਾਂ 'ਚ ਚੰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੀਜੇ ਅਤੇ ਆਖਰੀ ਵਨਡੇ ਮੈਚ 18 ਦੌੜਾਂ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਤਮੀਮ (103) ਦੇ ਸੀਰੀਜ਼ 'ਚ ਦੂਜੇ ਸੈਂਕੜੇ ਅਤੇ ਮੁਹੰਮਦੁੱਲਾ (ਅਜੇਤੂ 67) ਦੇ ਤੇਜ਼ ਅਰਧ ਸੈਂਕੜੇ ਦੀ ਮਦਦ ਨਾਲ ਬੰਗਲਾਦੇਸ਼ ਨੇ 6 ਵਿਕਟਾਂ 'ਤੇ 301 ਦੌੜਾਂ ਬਣਾਈਆਂ। ਵੈਸਟਇੰਡੀਜ਼ ਇਸਦੇ ਜਵਾਬ 'ਚ ਰੋਵਮੈਨ ਪਾਵੇਲ ਦੇ 41 ਗੇਂਦਾਂ 'ਤੇ ਅਜੇਤੂ 74 ਦੌੜਾਂ ਦੇ ਬਾਵਜੂਦ 6 ਵਿਕਟਾਂ 'ਤੇ 283 ਦੌੜਾਂ ਹੀ ਬਣਾ ਸਕੀ। ਕ੍ਰਿਸ ਗੇਲ (73) ਅਤੇ ਸ਼ਾਈ ਹੋਪ (64) ਨੇ ਵੀ ਅਰਧ ਸੈਂਕੜਾ ਬਣਾਇਆ। ਇਸਦੇ ਨਾਲ ਹੀ ਬੰਗਲਾਦੇਸ਼ ਨੇ ਪਿਛਲੇ 9 ਸਾਲਾਂ 'ਚ ਏਸ਼ੀਆ ਤੋਂ ਬਾਹਰ ਪਹਿਲੀ ਵਾਰ ਸੀਰੀਜ਼ ਜਿੱਤੀ। ਮਸ਼ਰੇਫੀ ਮੁਰਤਜਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਮੀਮ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਉਸ ਨੇ ਤਿਨ ਮੈਚਾਂ 'ਚ 143.5 ਦੀ ਔਸਤ ਨਾਲ 287 ਦੌੜਾਂ ਬਣਾਈਆਂ। ਤਮੀਮ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ 'ਮੈਨ ਆਫ ਦਾ ਮੈਚ' ਵੀ ਚੁਣਿਆ ਗਿਆ।

ਤਮੀਮ ਅਤੇ ਮੁਹੰਮਦੁੱਲਾ ਤੋਂ ਇਲਾਵਾ ਸ਼ਾਕਿਬ ਅਲ ਹਸਨ ਨੇ 37 ਅਤੇ ਕਪਤਾਨ ਮੁਰਤਜਾ ਨੇ 36 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਦੇ ਵਲੋਂ ਐਸ਼ਲੇ ਨੁਰਸ ਅਤੇ ਕਪਤਾਨ ਜੇਸਨ ਹੋਲਡਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਹੁਣ ਦੋਵਾਂ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਨੂੰ ਸੈਂਟ ਕੀਟਸ 'ਚ ਖੇਡਿਆ ਜਾਵੇਗਾ।
