ਬੰਗਲਾਦੇਸ਼ ਨੂੰ ਹੋਇਆ ਗਲਤੀ ਦਾ ਅਹਿਸਾਸ! BCCI ਨੂੰ ਚਿੱਠੀ ਲਿਖ ਜਤਾਈ ਇਹ ਇੱਛਾ
Friday, Apr 03, 2026 - 02:30 PM (IST)
ਸਪੋਰਟਸ ਡੈਸਕ : ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨਾਲ ਆਪਣੇ ਵਿਗੜੇ ਹੋਏ ਸਬੰਧਾਂ ਨੂੰ ਮੁੜ ਪਹਿਲਾਂ ਵਾਂਗ ਸੁਖਾਵੇਂ ਬਣਾਉਣ ਲਈ ਪਹਿਲ ਕੀਤੀ ਹੈ। ਰਿਪੋਰਟਾਂ ਅਨੁਸਾਰ, ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਬੋਰਡ ਨੇ BCCI ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਪੁਰਾਣੇ ਕ੍ਰਿਕਟ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਰਿਸ਼ਤੇ ਆਮ ਕਰਨ ਦੀ ਇੱਛਾ ਜਤਾਈ ਗਈ ਹੈ।
ਵਿਵਾਦ ਦੀ ਜੜ੍ਹ ਅਤੇ ਵਰਲਡ ਕੱਪ ਤੋਂ ਬਾਹਰ ਹੋਣਾ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਰਿਸ਼ਤੇ ਪਿਛਲੇ ਕਰੀਬ ਡੇਢ ਸਾਲ ਤੋਂ ਤਣਾਅਪੂਰਨ ਚੱਲ ਰਹੇ ਹਨ। ਵਿਵਾਦ ਉਦੋਂ ਵਧਿਆ ਜਦੋਂ BCCI ਨੇ ਜਨਵਰੀ 2026 ਵਿੱਚ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ IPL ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਤਤਕਾਲੀ ਅੰਤਰਿਮ ਸਰਕਾਰ ਨੇ ਭਾਰਤ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਬੰਗਲਾਦੇਸ਼ੀ ਟੀਮ ਇਸ ਵੱਡੇ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੀ।
ਦਾਅ 'ਤੇ ਲੱਗੀ ਸੀਰੀਜ਼ ਅਤੇ ਏਸ਼ੀਆ ਕੱਪ
ਬੰਗਲਾਦੇਸ਼ ਦੇ ਇਸ ਬਦਲੇ ਹੋਏ ਰੁਖ਼ ਦਾ ਮੁੱਖ ਕਾਰਨ ਆਉਣ ਵਾਲੀ ਅਹਿਮ ਕ੍ਰਿਕਟ ਸੀਰੀਜ਼ ਅਤੇ ਟੂਰਨਾਮੈਂਟ ਹਨ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇਸੇ ਸਾਲ ਸਤੰਬਰ ਵਿੱਚ ਵਨਡੇ ਅਤੇ ਟੀ-20 ਸੀਰੀਜ਼ ਤੈਅ ਹੈ, ਜਿਸ ਲਈ ਭਾਰਤੀ ਟੀਮ ਨੇ ਬੰਗਲਾਦੇਸ਼ ਦਾ ਦੌਰਾ ਕਰਨਾ ਹੈ। ਇਸ ਤੋਂ ਇਲਾਵਾ, ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਵੀ ਬੰਗਲਾਦੇਸ਼ ਕੋਲ ਹੈ। ਜੇਕਰ ਰਿਸ਼ਤੇ ਨਹੀਂ ਸੁਧਰਦੇ ਤਾਂ ਭਾਰਤ ਇਨ੍ਹਾਂ ਦੌਰਿਆਂ ਤੋਂ ਮਨਾਂ ਕਰ ਸਕਦਾ ਹੈ, ਜਿਸ ਨਾਲ BCB ਨੂੰ ਭਾਰੀ ਵਿੱਤੀ ਨੁਕਸਾਨ ਹੋਣ ਦਾ ਡਰ ਹੈ।
BCCI ਦਾ ਸਟੈਂਡ
ਹਾਲਾਂਕਿ ਬੰਗਲਾਦੇਸ਼ ਨੇ ਦੋਸਤੀ ਦਾ ਹੱਥ ਵਧਾਇਆ ਹੈ, ਪਰ ਰਿਪੋਰਟਾਂ ਮੁਤਾਬਕ BCCI ਇਸ ਮਾਮਲੇ ਵਿੱਚ ਕੋਈ ਵੀ ਅੰਤਿਮ ਫੈਸਲਾ ਭਾਰਤ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਭਾਰਤ ਬੰਗਲਾਦੇਸ਼ ਦੀ ਇਸ ਪਹਿਲ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
