ਵੱਡੀ ਖਬਰ ; ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
Tuesday, Apr 28, 2026 - 02:37 PM (IST)
ਸਪੋਰਟਸ ਡੈਸਕ : ਆਈ.ਪੀ.ਐੱਲ. 2026 ਦੌਰਾਨ ਪੰਜਾਬ ਕਿੰਗਜ਼ ਦੀ ਟੀਮ ਲਈ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਟੀਮ ਦੇ ਅਫਗਾਨੀ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਦੀ ਮਾਤਾ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮੁਹੰਮਦ ਨਬੀ ਨੇ ਸਾਂਝੀ ਕੀਤੀ ਜਾਣਕਾਰੀ
ਇਸ ਦੁਖਦ ਸਮਾਚਾਰ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਨਬੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਉਮਰਜ਼ਈ ਦੀ ਮਾਤਾ ਦੇ ਇੰਤਕਾਲ ਦੀ ਖਬਰ ਬੇਹੱਦ ਦਰਦਨਾਕ ਹੈ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਦੀ ਦੁਆ ਕੀਤੀ। ਉਨ੍ਹਾਂ ਦੇ ਨਾਲ ਹੀ ਅਫਗਾਨ ਖਿਡਾਰੀ ਕਰੀਮ ਜਨਤ ਨੇ ਵੀ ਆਪਣੀਆਂ ਸੰਵੇਦਨਾਵਾਂ ਪ੍ਰਗਟਾਈਆਂ ਹਨ।
ਪੰਜਾਬ ਕਿੰਗਜ਼ ਪਰਿਵਾਰ ਉਮਰਜ਼ਈ ਦੇ ਨਾਲ
ਪੰਜਾਬ ਕਿੰਗਜ਼ ਫਰੈਂਚਾਇਜ਼ੀ ਨੇ ਵੀ ਇਸ ਮੁਸ਼ਕਲ ਘੜੀ ਵਿੱਚ ਆਪਣੇ ਖਿਡਾਰੀ ਦਾ ਸਾਥ ਦਿੱਤਾ ਹੈ। ਟੀਮ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਪੂਰਾ ਪੰਜਾਬ ਕਿੰਗਜ਼ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਅਜ਼ਮਤੁੱਲਾ ਉਮਰਜ਼ਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ।
ਕਰੀਅਰ 'ਤੇ ਇੱਕ ਨਜ਼ਰ
ਅਜ਼ਮਤੁੱਲਾ ਉਮਰਜ਼ਈ ਨੂੰ ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਲਈ 2.4 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ, ਹਾਲਾਂਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਸੀਜ਼ਨ ਵਿੱਚ ਪਲੇਇੰਗ ਇਲੈਵਨ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਅਤੇ ਹਮਲਾਵਰ ਬੱਲੇਬਾਜ਼ ਉਮਰਜ਼ਈ ਨੇ ਆਈ.ਪੀ.ਐੱਲ. ਦੇ 16 ਮੈਚਾਂ ਵਿੱਚ 99 ਦੌੜਾਂ ਬਣਾਈਆਂ ਹਨ ਅਤੇ 12 ਵਿਕਟਾਂ ਹਾਸਲ ਕੀਤੀਆਂ ਹਨ। ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਵੀ ਸ਼ਾਨਦਾਰ ਰਿਹਾ ਹੈ, ਜਿੱਥੇ ਉਹ 800 ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ 54 ਵਿਕਟਾਂ ਵੀ ਝਟਕਾ ਚੁੱਕੇ ਹਨ।
