SRH ਨੇ DC ਨੂੰ 47 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਪੁਆਇੰਟ ਟੇਬਲ ''ਚ ਹੋਇਆ ਵੱਡਾ ਉਲਟਫੇਰ

Tuesday, Apr 21, 2026 - 11:36 PM (IST)

SRH ਨੇ DC ਨੂੰ 47 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਪੁਆਇੰਟ ਟੇਬਲ ''ਚ ਹੋਇਆ ਵੱਡਾ ਉਲਟਫੇਰ

ਸਪੋਰਟਸ ਡੈਸਕ- ਆਈ.ਪੀ.ਐਲ. 2026 ਦੇ 31ਵੇਂ ਮੁਕਾਬਲੇ ਵਿੱਚ ਮੰਗਲਵਾਰ ਨੂੰ ਰਾਜੀਵ ਗਾਂਧੀ ਸਟੇਡੀਅਮ ਵਿੱਚ ਅਭਿਸ਼ੇਕ ਸ਼ਰਮਾ ਦੇ ਬੱਲੇ ਦਾ ਅਜਿਹਾ ਤੂਫ਼ਾਨ ਆਇਆ ਕਿ ਦਿੱਲੀ ਕੈਪੀਟਲਜ਼ ਦੀ ਟੀਮ ਉਸ ਵਿੱਚ ਪੂਰੀ ਤਰ੍ਹਾਂ ਉੱਡ ਗਈ। ਸਨਰਾਈਜ਼ਰਜ਼ ਹੈਦਰਾਬਾਦ ਨੇ ਇੱਕਤਰਫਾ ਅੰਦਾਜ਼ ਵਿੱਚ ਦਿੱਲੀ ਨੂੰ 47 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ।

ਹੈਦਰਾਬਾਦ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਅਭਿਸ਼ੇਕ ਸ਼ਰਮਾ ਰਹੇ, ਜਿਨ੍ਹਾਂ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਰੱਜ ਕੇ ਕੁਟਾਈ ਕੀਤੀ। ਅਭਿਸ਼ੇਕ ਨੇ ਮਹਿਜ਼ 68 ਗੇਂਦਾਂ ਵਿੱਚ 10 ਚੌਕਿਆਂ ਅਤੇ 10 ਗਗਨਚੁੰਬੀ ਛੱਕਿਆਂ ਦੀ ਮਦਦ ਨਾਲ ਅਜੇਤੂ 135 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਸਿਰਫ਼ 25 ਗੇਂਦਾਂ ਵਿੱਚ ਪੂਰਾ ਕਰ ਲਿਆ ਸੀ। ਅਭਿਸ਼ੇਕ ਨੇ ਦਿੱਲੀ ਦੇ ਸਪਿਨਰ ਨਿਤੀਸ਼ ਰਾਣਾ ਦੇ ਇੱਕ ਓਵਰ ਵਿੱਚ 5 ਛੱਕੇ ਜੜੇ ਅਤੇ ਕੁਲਦੀਪ ਯਾਦਵ ਨੂੰ ਵੀ ਦੋ ਛੱਕੇ ਲਗਾਏ।

ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਬੇਹੱਦ ਗਲਤ ਸਾਬਤ ਹੋਇਆ। ਅਭਿਸ਼ੇਕ ਤੋਂ ਇਲਾਵਾ ਟ੍ਰੈਵਿਸ ਹੈੱਡ ਨੇ 37 ਦੌੜਾਂ ਅਤੇ ਹੇਨਰਿਕ ਕਲਾਸੇਨ ਨੇ ਮਹਿਜ਼ 13 ਗੇਂਦਾਂ ਵਿੱਚ ਅਜੇਤੂ 37 ਦੌੜਾਂ (3 ਚੌਕੇ, 3 ਛੱਕੇ) ਬਣਾ ਕੇ ਸਕੋਰ ਨੂੰ 20 ਓਵਰਾਂ ਵਿੱਚ 242 ਰਨਾਂ ਤੱਕ ਪਹੁੰਚਾ ਦਿੱਤਾ।

243 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ 195 ਦੌੜਾਂ ਹੀ ਬਣਾ ਸਕੀ। ਹਾਲਾਂਕਿ ਨਿਤੀਸ਼ ਰਾਣਾ ਨੇ 30 ਗੇਂਦਾਂ ਵਿੱਚ 57 ਅਤੇ ਕੇ.ਐਲ. ਰਾਹੁਲ ਨੇ 37 ਦੌੜਾਂ ਬਣਾਈਆਂ, ਪਰ ਇਹ ਜਿੱਤ ਲਈ ਕਾਫ਼ੀ ਨਹੀਂ ਸਨ। ਹੈਦਰਾਬਾਦ ਵੱਲੋਂ ਏਹਸਾਨ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ, ਜਦਕਿ ਹਰਸ਼ ਦੂਬੇ ਨੇ 3 ਵਿਕਟਾਂ ਹਾਸਲ ਕੀਤੀਆਂ।

ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਹੁਣ 7 ਮੈਚਾਂ ਵਿੱਚ 4 ਜਿੱਤਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਚੌਥੇ ਨੰਬਰ 'ਤੇ ਖਿਸਕ ਗਈ ਹੈ। ਵਰਤਮਾਨ ਵਿੱਚ ਪੰਜਾਬ ਕਿੰਗਜ਼ ਪਹਿਲੇ ਅਤੇ ਆਰ.ਸੀ.ਬੀ. ਦੂਜੇ ਸਥਾਨ 'ਤੇ ਬਰਕਰਾਰ ਹਨ।


author

Rakesh

Content Editor

Related News