IPL 2026 ''ਚ ''ਕਾਲੇ ਜਾਦੂ'' ਨੂੰ ਲੈ ਕੇ CSK ਨੇ BCCI ਨੂੰ ਕੀਤੀ ਸ਼ਿਕਾਇਤ! ਜਾਣੋ ਵਾਇਰਲ ਵੀਡੀਓ ਦਾ ਪੂਰਾ ਸੱਚ

Wednesday, Apr 22, 2026 - 05:48 PM (IST)

IPL 2026 ''ਚ ''ਕਾਲੇ ਜਾਦੂ'' ਨੂੰ ਲੈ ਕੇ CSK ਨੇ BCCI ਨੂੰ ਕੀਤੀ ਸ਼ਿਕਾਇਤ! ਜਾਣੋ ਵਾਇਰਲ ਵੀਡੀਓ ਦਾ ਪੂਰਾ ਸੱਚ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਵਿੱਚ ਜਿੱਥੇ ਖਿਡਾਰੀ ਮੈਦਾਨ 'ਤੇ ਪਸੀਨਾ ਵਹਾ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ 'ਤੇ 'ਕਾਲੇ ਜਾਦੂ' ਦੀ ਚਰਚਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ਨੀਵਾਰ, 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਇੱਕ ਵੀਡੀਓ ਅਤੇ ਇੱਕ ਚਿੱਠੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਚ ਜਿੱਤਣ ਲਈ ਜਾਦੂ-ਟੂਣੇ ਦਾ ਸਹਾਰਾ ਲਿਆ ਗਿਆ।

ਵੀਡੀਓ 'ਚ ਕੀ ਹੈ? 

ਵਾਇਰਲ ਵੀਡੀਓ ਵਿੱਚ ਹੈਦਰਾਬਾਦ ਦੀ ਜਰਸੀ ਪਾਈ ਇੱਕ ਪ੍ਰਸ਼ੰਸਕ ਸਟੇਡੀਅਮ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਉਸ ਦੇ ਹੱਥ ਵਿੱਚ ਇੱਕ ਨਿੰਬੂ ਹੈ ਅਤੇ ਉਹ ਕੁਝ ਬੋਲਦੇ ਹੋਏ ਉਸ 'ਤੇ ਫੂਕ ਮਾਰਦਾ ਹੈ ਅਤੇ ਫਿਰ ਮੈਦਾਨ ਵੱਲ ਇਸ਼ਾਰਾ ਕਰਦਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਉਹ ਇਸ਼ਾਰਾ ਕਰਦਾ ਹੈ, ਅਗਲੀ ਹੀ ਗੇਂਦ 'ਤੇ ਚੇਨਈ ਦਾ ਬੱਲੇਬਾਜ਼ ਸ਼ਿਵਮ ਦੁਬੇ ਬੋਲਡ ਹੋ ਜਾਂਦਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਦਿੱਤੀ ਹੈ।

BCCI ਨੂੰ ਸ਼ਿਕਾਇਤ ਵਾਲੀ ਚਿੱਠੀ ਦਾ ਦਾਅਵਾ 

ਵੀਡੀਓ ਤੋਂ ਬਾਅਦ ਇੱਕ ਹੋਰ ਚਿੱਠੀ ਵਾਇਰਲ ਹੋਈ, ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਚੇਨਈ ਸੁਪਰ ਕਿੰਗਜ਼ ਨੇ ਬੀ.ਸੀ.ਸੀ.ਆਈ. ਨੂੰ ਅਧਿਕਾਰਤ ਸ਼ਿਕਾਇਤ ਦਿੱਤੀ ਹੈ। ਇਸ ਚਿੱਠੀ ਵਿੱਚ ਕਥਿਤ ਤੌਰ 'ਤੇ ਦੋਸ਼ ਲਗਾਇਆ ਗਿਆ ਸੀ ਕਿ ਹੈਦਰਾਬਾਦ ਦੇ ਪ੍ਰਸ਼ੰਸਕਾਂ ਨੇ ਕਾਲੇ ਜਾਦੂ ਦੀ ਵਰਤੋਂ ਕਰਕੇ ਚੇਨਈ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮੈਚ ਵਿੱਚ ਹੈਦਰਾਬਾਦ ਨੇ ਚੇਨਈ ਨੂੰ 10 ਦੌੜਾਂ ਨਾਲ ਹਰਾਇਆ ਸੀ।

ਕੀ ਹੈ ਸੱਚਾਈ?

ਸੂਤਰਾਂ ਅਨੁਸਾਰ, ਇਹ ਦੋਵੇਂ ਦਾਅਵੇ ਪੂਰੀ ਤਰ੍ਹਾਂ ਫਰਜ਼ੀ ਅਤੇ ਗੁੰਮਰਾਹਕੁੰਨ ਹਨ। ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਦੋ ਵੱਖ-ਵੱਖ ਕਲਿੱਪਾਂ ਨੂੰ ਜੋੜ ਕੇ ਅਜਿਹਾ ਦਿਖਾਇਆ ਗਿਆ ਹੈ ਜਿਵੇਂ ਪ੍ਰਸ਼ੰਸਕ ਦੇ ਫੂਕ ਮਾਰਨ ਨਾਲ ਹੀ ਵਿਕਟ ਡਿੱਗੀ ਹੋਵੇ। CSK ਵੱਲੋਂ ਵੀ BCCI ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਇਹ ਚਿੱਠੀ ਫਰਜ਼ੀ ਹੈ। ਅਸਲ ਵਿੱਚ, ਕੁਝ ਦਿਨ ਪਹਿਲਾਂ CSK ਨੇ ਬੈਂਗਲੁਰੂ ਦੇ ਡੀ.ਜੇ. ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਿਸੇ ਨੇ ਮਜ਼ਾਕ ਜਾਂ ਤੰਜ ਕੱਸਣ ਲਈ ਇਹ ਫਰਜ਼ੀ 'ਕਾਲੇ ਜਾਦੂ' ਵਾਲੀ ਚਿੱਠੀ ਬਣਾ ਕੇ ਵਾਇਰਲ ਕਰ ਦਿੱਤੀ। ਇਸ ਤਰ੍ਹਾਂ, ਸਟੇਡੀਅਮ ਵਿੱਚ ਕਿਸੇ ਵੀ ਤਰ੍ਹਾਂ ਦੇ ਕਾਲੇ ਜਾਦੂ ਜਾਂ ਅਧਿਕਾਰਤ ਸ਼ਿਕਾਇਤ ਦੀ ਗੱਲ ਸਿਰਫ਼ ਇੱਕ ਅਫ਼ਵਾਹ ਸਾਬਤ ਹੋਈ ਹੈ।


author

Rakesh

Content Editor

Related News