ਪੂਰੇ IPL ''ਚੋਂ ਬਾਹਰ ਹੋਇਆ ਧਾਕੜ ਖਿਡਾਰੀ, ਟੀਮ ਨੇ ਕੀਤਾ Replacement ਦਾ ਐਲਾਨ
Thursday, Apr 23, 2026 - 04:50 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਨੇ ਆਪਣੇ ਸਟਾਰ ਖਿਡਾਰੀ ਆਯੂਸ਼ ਮਹਾਂਤਰੇ ਦੇ ਬਦਲ ਦਾ ਐਲਾਨ ਕਰ ਦਿੱਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡੇ ਗਏ ਪਿਛਲੇ ਮੈਚ ਦੌਰਾਨ ਜ਼ਖ਼ਮੀ ਹੋਏ ਮਹਾਂਤਰੇ ਹੁਣ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਚੇਨਈ ਨੇ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੂੰ 30 ਲੱਖ ਰੁਪਏ ਵਿੱਚ ਆਪਣੀ ਟੀਮ ਨਾਲ ਜੋੜਿਆ ਹੈ।
ਆਯੂਸ਼ ਮਹਾਂਤਰੇ ਦੀ ਕਮੀ ਮਹਿਸੂਸ ਕਰੇਗੀ ਟੀਮ
ਭਾਰਤ ਨੂੰ 2026 ਦਾ ਅੰਡਰ-19 ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਆਯੂਸ਼ ਮਹਾਂਤਰੇ ਇਸ ਸੀਜ਼ਨ ਵਿੱਚ ਚੇਨਈ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ 6 ਮੈਚਾਂ ਵਿੱਚ 2 ਸ਼ਾਨਦਾਰ ਅਰਧ ਸੈਂਕੜੇ ਜੜੇ ਸਨ। ਖੱਬੇ ਪੈਰ ਦੀ ਹੈਮਸਟ੍ਰਿੰਗ (Hamstring) ਵਿੱਚ ਸੱਟ ਲੱਗਣ ਕਾਰਨ ਉਹ ਹੁਣ ਮੈਦਾਨ 'ਤੇ ਨਜ਼ਰ ਨਹੀਂ ਆਉਣਗੇ। ਦੱਸਣਯੋਗ ਹੈ ਕਿ ਚੇਨਈ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਵੀ ਸੱਟ ਕਾਰਨ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ, ਹਾਲਾਂਕਿ ਉਨ੍ਹਾਂ ਦੇ ਬਦਲ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।
ਆਕਾਸ਼ ਮਧਵਾਲ ਦਾ ਰਿਕਾਰਡ
ਆਕਾਸ਼ ਮਧਵਾਲ ਪਹਿਲਾਂ ਮੁੰਬਈ ਇੰਡੀਅਨਜ਼ (2023-24) ਅਤੇ ਰਾਜਸਥਾਨ ਰਾਇਲਜ਼ (2025) ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ ਹੁਣ ਤੱਕ 17 ਆਈ.ਪੀ.ਐੱਲ. ਮੈਚਾਂ ਵਿੱਚ 23 ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 2023 ਦੇ ਐਲੀਮੀਨੇਟਰ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਵਿਰੁੱਧ ਰਿਹਾ ਸੀ, ਜਿੱਥੇ ਉਨ੍ਹਾਂ ਨੇ ਮਹਿਜ਼ 5 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ ਸਨ।
ਟੀਮ ਵਿੱਚ ਹੋ ਸਕਦੇ ਹਨ ਹੋਰ ਬਦਲਾਅ
ਮੁੰਬਈ ਇੰਡੀਅਨਜ਼ ਵਿਰੁੱਧ ਹੋਣ ਵਾਲੇ ਅਗਲੇ ਮੈਚ ਵਿੱਚ ਚੇਨਈ ਦੀ ਪਲੇਇੰਗ-11 ਵਿੱਚ ਸਪੈਂਸਰ ਜੌਹਨਸਨ ਨੂੰ ਮੌਕਾ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਮਹਾਂਤਰੇ ਦੀ ਗੈਰ-ਹਾਜ਼ਰੀ ਵਿੱਚ ਉਰਵਿਲ ਪਟੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਖੇਡਣ 'ਤੇ ਫੈਸਲਾ ਮੈਚ ਤੋਂ ਠੀਕ ਪਹਿਲਾਂ ਲਿਆ ਜਾਵੇਗਾ।
