ਟਰਾਈ ਸੀਰੀਜ਼ 'ਚ ਬੰਗਲਾਦੇਸ਼ ਨੇ ਆਇਰਲੈਂਡ ਨੂੰ 6 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
Thursday, May 16, 2019 - 03:36 PM (IST)

ਸਪਰੋਟਸ ਡੈਸਕ— ਅਬੂ ਜਾਇਦ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਤਮੀਮ ਇਕਬਾਲ, ਲਿਟਨ ਦਾਸ ਤੇ ਸ਼ਾਕਿਬ ਅਲ ਹਸਨ ਦੇ ਅਰਧ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਟਰਾਈ ਸੀਰੀਜ਼ ਦੇ ਛੇਵੇਂ ਮੁਕਾਬਲੇ 'ਚ ਮੇਜ਼ਬਾਨ ਆਇਰਲੈਂਡ ਨੂੰ 6 ਵਿਕਟ ਨਾਲ ਹਰਾ ਦਿੱਤਾ। ਬੰਗਲਾਦੇਸ਼ ਪਹਿਲਾਂ ਹੀ ਫਾਈਨਲ 'ਚ ਜਗ੍ਹਾ ਬਣਾ ਚੁੱਕੀ ਹੈ, ਜਿੱਥੇ 17 ਮਈ ਨੂੰ ਉਸ ਦਾ ਮੁਕਾਬਲਾ ਵੈਸਟਇੰਡੀਜ਼ ਦੀ ਟੀਮ ਨਾਲ ਹੋਵੇਗਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਦੀ ਟੀਮ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 292 ਦੌੜਾਂ ਬਣਾਈਆਂ। ਆਇਰਲੈਂਡ ਲਈ ਪਾਲ ਸਟਰਲਿੰਗ ਨੇ ਸ਼ਾਨਦਾਰ ਸੈਂਕੜਾ ਲਗਾਉਂਦੇ ਹੋਏ 141 ਗੇਂਦਾਂ 'ਚ 8 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 130 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਕਪਤਾਨ ਵਿਲੀਅਮ ਪੋਰਟਰਫੀਲਡ ਨੇ 106 ਗੇਂਦਾਂ 'ਚ 94 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਕਰੀਜ਼ 'ਤੇ ਨਹੀਂ ਜਮ ਸਕਿਆ। ਬੰਗਲਾਦੇਸ਼ ਲਈ ਅਬੂ ਜਾਇਜ਼ ਨੇ 58 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਉਥੇ ਮੁਹੰਮਦ ਸੈਫੁੱਦੀਨ ਨੇ 2 ਤੇ ਰੁਬੇਲ ਹੁਸੈਨ ਨੇ 1 ਵਿਕਟ ਹਾਸਲ ਕੀਤਾ।
ਇਸ ਤੋਂ ਜਵਾਬ 'ਚ ਬੰਗਲਾਦੇਸ਼ ਨੇ 7 ਓਵਰ ਬਾਕੀ ਰਹਿੰਦੇ ਹੋਏ 4 ਵਿਕਟ ਦੇ ਨੁਕਸਾਨ 'ਤੇ 294 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਤਮੀਮ ਇਕਬਾਲ 57 ਦੌੜਾਂ, ਲਿਟਨ ਦਾਸ 76 ਦੌੜਾਂ ਤੇ ਸ਼ਾਕਿਬ ਅਲ ਹਸਨ 50 ਦੌੜਾਂ ਨੇ ਬੰਗਲਾਦੇਸ਼ ਦੀ ਜਿੱਤ ਪੱਕੀ ਕੀਤੀ। ਆਇਰਲੈਂਡ ਲਈ ਬਾਇਡ ਰੈਕਿੰਗ ਨੇ 2 ਵਿਕਟ, ਉਥੇ ਹੀ ਬੈਰੀ ਮੈਕਆਰਥੀ ਤੇ ਮਾਰਕ ਏਡਾਇਰ ਨੇ 1- 1 ਵਿਕਟ ਹਾਸਲ ਕੀਤੀ।