ਗੇਂਦ ਨਾਲ ਛੇੜਛਾੜ ਮਾਮਲਾ : ਗਿਲਕ੍ਰਿਸਟ ਨੇ ਆਸਟ੍ਰੇਲੀਆਈ ਕ੍ਰਿਕਟ ’ਤੇ ਲਾਏ ਗੰਭੀਰ ਦੋਸ਼
Tuesday, May 18, 2021 - 01:44 PM (IST)
ਸਪੋਰਟਸ ਡੈਸਕ : ਦੱਖਣੀ ਅਫਰੀਕਾ ਖ਼ਿਲਾਫ਼ ਸਾਲ 2018 ’ਚ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਦੇ ਕੁਝ ਖਿਡਾਰੀਆਂ ਨੇ ਗੇਂਦ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਬੋਰਡ ਦੇ ਅਕਸ ਨੂੰ ਵੀ ਨੁਕਸਾਨ ਹੋਇਆ। ਇਸ ਮਾਮਲੇ ’ਚ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ’ਤੇ ਇਕ-ਇਕ ਸਾਲ ਤੇ ਕੈਮਰਨ ਬੈਨਕ੍ਰਾਫਟ ’ਤੇ 9 ਮਹੀਨਿਆਂ ਦੀ ਪਾਬੰਦੀ ਲਾਈ ਗਈ ਸੀ ਪਰ ਹੁਣ ਇਸ ਮਾਮਲੇ ਦੇ ਫਿਰ ਤੂਲ ਫੜਨ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਬੋਰਡ ਨੇ ਸਹੀ ਤਰੀਕੇ ਨਾਲ ਮਾਮਲੇ ਦੀ ਜਾਂਚ ਨਹੀਂ ਕੀਤੀ। ਸਾਬਕਾ ਦਿੱਗਜ ਖਿਡਾਰੀ ਐਡਮ ਗਿਲਕ੍ਰਿਸਟ ਨੇ ਵੀ ਇਸ ਮਾਮਲੇ ਦੀ ਜਾਂਚ ’ਤੇ ਸਵਾਲ ਖੜ੍ਹੇ ਕੀਤੇ ਹਨ।
ਗਿਲਕ੍ਰਿਸਟ ਨੇ ਕਿਹਾ ਕਿ ਜਾਂਚ ਪੂਰੀ ਨਹੀਂ ਕੀਤੀ ਗਈ ਸੀ ਤੇ ਜੇ ਬੋਰਡ ਸਹੀ ਤਰ੍ਹਾਂ ਜਾਂਚ ਕਰਦਾ ਤਾਂ ਇਸ ਉੱਤੇ ਸਵਾਲ ਖੜ੍ਹੇ ਨਹੀਂ ਹੁੰਦੇ। ਇਸ ਮਾਮਲੇ ਨੂੰ ਲੈ ਕੇ ਹੁਣ ਜੋ ਸਵਾਲ ਖੜ੍ਹੇ ਹੋ ਰਹੇ ਹਨ, ਉਸ ਦੇ ਲਈ ਕ੍ਰਿਕਟ ਆਸਟਰੇਲੀਆ ਜ਼ਿੰਮੇਵਾਰ ਹੈ। ਸਾਬਕਾ ਦਿੱਗਜ ਕ੍ਰਿਕਟਰ ਨੇ ਕਿਹਾ, ਬੋਰਡ ਨੇ ਜਾਂਚ ਕੀਤੀ ਸੀ ਤੇ ਉਸ ਸਮੇਂ ਹਾਈ ਪ੍ਰਫਾਰਮੈਂਸ ਜਨਰਲ ਮੈਨੇਜਰ ਪੈਟੀ ਹਾਵਰਡ ਤੇ ਇੰਟੀਗ੍ਰਿਟੀ ਅਧਿਕਾਰ ਇਯਾਨ ਰਾਏ ਦੋਵੇਂ ਉਥੇ ਗਏ ਤੇ ਜਲਦੀ ’ਚ ਫੈਸਲਾ ਸੁਣਾ ਦਿੱਤਾ, ਜਿਸ ਤੋਂ ਬਾਅਦ ਟੀਮ ’ਚ ਕਿਸੇ ਨੂੰ ਪਤਾ ਨਹੀਂ ਲੱਗਾ। ਗਿਲਕ੍ਰਿਸਟ ਨੇ ਕ੍ਰਿਕਟ ਆਸਟਰੇਲੀਆ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬੋਰਡ ਉਥੇ ਜਾਣਾ ਚਾਹੁੰਦਾ ਸੀ। ਉਹ ਇਸ ਮਾਮਲੇ ਦੀ ਜੜ੍ਹ ਤਕ ਜਾਣਾ ਹੀ ਨਹੀਂ ਚਾਹੁੰਦਾ ਸੀ। ਉਨ੍ਹਾਂ ਨੇ ਕਿਹਾ, ਬੋਰਡ ਨੇ ਇਸ ਮਾਮਲੇ ’ਚ ਸਹੀ ਤਰ੍ਹਾਂ ਜਾਂਚ ਹੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਇਹ ਸਾਰਾ ਮਾਮਲਾ ਉਸ ਸਮੇਂ ਫਿਰ ਸੁਰਖੀਆਂ ਵਿਚ ਆਇਆ, ਜਦੋਂ ਬੈਨਕ੍ਰਾਫਟ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਸੀ ਕਿ ਗੇਂਦ ਨਾਲ ਛੇੜਛਾੜ ਦੇ ਮਾਮਲੇ ਦਾ ਆਸਟਰੇਲੀਆਈ ਟੀਮ ਨੂੰ ਪਤਾ ਸੀ। ਇਸ ਤੋਂ ਬਾਅਦ ਇਸ ਮਾਮਲੇ ’ਤੇ ਕ੍ਰਿਕਟ ਆਸਟਰੇਲੀਆ ਦੀ ਜਾਂਚ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਬੀਤੇ ਦਿਨ ਡੇਵਿਡ ਵਾਰਨਰ ਦੇ ਮੈਨੇਜਰ ਨੇ ਵੀ ਜਾਂਚ ’ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਮਜ਼ਾਕ ਕਰਾਰ ਦਿੱਤਾ ਸੀ।