ਬਜਰੰਗ ਪੂਨੀਆ ਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ
Sunday, Mar 10, 2024 - 06:55 PM (IST)
ਸੋਨੀਪਤ (ਹਰਿਆਣਾ), (ਭਾਸ਼ਾ)–ਟੋਕੀਓ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਬਜਰੰਗ ਪੂਨੀਆ ਤੇ ਰਵੀ ਦਹੀਆ ਐਤਵਾਰ ਨੂੰ ਇਥੇ ਆਗਾਮੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ ਟ੍ਰਾਇਲ ’ਚ ਆਪਣੇ-ਆਪਣੇ ਮੁਕਾਬਲੇ ਹਾਰ ਜਾਣ ਤੋਂ ਬਾਅਦ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ ਹੋ ਗਏ।
ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਨੂੰ ਪੁਰਸ਼ਾਂ ਦੇ ਫ੍ਰੀ-ਸਟਾਈਲ 65 ਕਿ. ਗ੍ਰਾ. ਭਾਰ ਵਰਗ ਦੇ ਸੈਮੀਫਾਈਨਲ ’ਚ ਰੋਹਿਤ ਕੁਮਾਰ ਹੱਥੋਂ 1-9 ਨਾਲ ਹਾਰ ਮਿਲੀ। ਸੈਮੀਫਾਈਨਲ ’ਚ ਹਾਰ ਜਾਣ ਤੋਂ ਬਾਅਦ ਪੂਨੀਆ ਗੁੱਸੇ ’ਚ ਤੁਰੰਤ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ’ਚੋਂ ਚਲਾ ਗਿਆ।
ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਪੂਨੀਆ ਦੇ ਡੋਪ ਨਮੂਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਲਈ ਵੀ ਨਹੀਂ ਰੁਕਿਆ। ਇਹ ਟ੍ਰਾਇਲ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਐਡਹਾਕ ਕਮੇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਹਨ। ਪੁਰਸ਼ਾਂ ਦਾ 57 ਕਿ. ਗ੍ਰਾ. ਭਾਰ ਵਰਗ ਹਮੇਸ਼ਾ ਹੀ ਮੁਸ਼ਕਿਲ ਵਰਗ ਰਿਹਾ ਹੈ, ਜਿਸ ’ਚ ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਵੀ ਦਹੀਆ ਤੇ ਅਮਨ ਸਹਿਰਾਵਤ ਦੌੜ ਵਿਚ ਸਨ। ਸੱਟ ਤੋਂ ਵਾਪਸੀ ਕਰ ਰਿਹਾ ਦਹੀਆ ਵੱਡੇ ਸਕੋਰ ਵਾਲੇ ਪਹਿਲੇ ਮੁਕਾਬਲੇ ’ਚ ਅਮਨ ਹੱਥੋਂ 13-14 ਨਾਲ ਹਾਰ ਗਿਆ।