ਆਊਟ ਹੋਣ ''ਤੇ ਗੁੱਸੇ ''ਚ ਆਇਆ ਆਸਟਰੇਲੀਆਈ ਕ੍ਰਿਕਟਰ; ਕੰਧ ''ਚ ਮੁੱਕਾ ਮਾਰ ਕੇ ਤੁੜਵਾਇਆ ਹੱਥ
Monday, Oct 14, 2019 - 01:48 AM (IST)

ਮੈਲਬੋਰਨ- ਕ੍ਰਿਕਟ ਦੇ ਤਿੰਨਾਂ ਸਵਰੂਪਾਂ ਵਿਚ ਆਸਟਰੇਲੀਆ ਦੀ ਪ੍ਰਤੀਨਿਧਤਾ ਕਰ ਚੁੱਕੇ ਕ੍ਰਿਕਟਰ ਮਿਸ਼ੇਲ ਮਾਰਸ਼ ਨੂੰ ਘਰੇਲੂ ਟੂਰਨਾਮੈਂਟ ਵਿਚ ਆਊਟ ਹੋਣ 'ਤੇ ਇੰਨਾ ਗੱੁੱਸਾ ਆ ਗਿਆ ਕਿ ਉਸ ਨੇ ਕੰਧ 'ਤੇ ਮੁੱਕਾ ਮਾਰ ਕੇ ਆਪਣਾ ਹੱਥ ਤੁੜਵਾ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਸ਼ੈਫੀਲਡ ਸ਼ੀਲਡ (ਘਰੇਲੂ ਪਹਿਲੀ ਸ਼੍ਰੇਣੀ ਕ੍ਰਿਕਟ ਪ੍ਰਤੀਯੋਗਿਤਾ) ਦਾ ਮੈਚ ਖੇਡਿਆ ਜਾ ਰਿਹਾ ਸੀ।
ਇਸ ਦੌਰਾਨ ਵੈਸਟਰਨ ਆਸਟਰੇਲੀਆ ਦੀ ਕਪਤਾਨੀ ਕਰ ਰਿਹਾ ਮਾਰਸ਼ ਤਸਮਾਨੀਆ ਵਿਰੁੱਧ ਦਿਨ ਦੇ ਪਹਿਲੇ ਹੀ ਓਵਰ ਵਿਚ ਜੈਕਸਨ ਬਰਡ ਦੀ ਗੇਂਦ 'ਤੇ 53 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤ ਗਿਆ। ਆਊਟ ਹੋਣ ਤੋਂ ਬਾਅਦ ਮਾਰਸ਼ ਇੰਨੇ ਗੁੱਸੇ ਵਿਚ ਆ ਗਿਆ ਕਿ ਉਸ ਨੇ ਡ੍ਰੈਸਿੰਗ ਰੂਮ ਵਿਚ ਦਾਖਲ ਹੁੰਦੇ ਹੀ ਕੰਧ 'ਤੇ ਮੁੱਕਾ ਮਾਰ ਦਿੱਤਾ। ਮੁੱਕਾ ਇੰਨਾ ਜ਼ੋਰਦਾਰ ਸੀ ਕਿ ਮਾਰਸ਼ ਦੇ ਹੱਥ ਵਿਚ ਗੰਭੀਰ ਸੱਟ ਲੱਗ ਗਈ ਤੇ ਉਸ ਨੂੰ ਮੈਚ 'ਚੋਂ ਬਾਹਰ ਹੋਣਾ ਪਿਆ।
ਉਥੇ ਹੀ ਵੈਸਟਰਨ ਆਸਟਰੇਲੀਆ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਕਿ ਮਾਰਸ਼ ਦੀ ਸੱਟ ਕਿੰਨੀ ਗੰਭੀਰ ਤੇ ਉਹ ਕਦੋਂ ਤਕ ਫਿੱਟ ਹੋਵੇਗਾ, ਇਸ ਬਾਰੇ ਅਗਲੇ ਹਫਤੇ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ। ਓਧਰ ਇਸ ਸੱਟ ਕਾਰਣ ਪਾਕਿਸਤਾਨ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਸੀਰੀਜ਼ ਵਿਚ ਮਾਰਸ਼ ਦਾ ਨਾਂ ਸ਼ਾਇਦ ਹੀ ਹੋਵੇ।