ਆਸਟਰੇਲੀਆ ਨੇ ਪਾਕਿ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ 2-0 ਨਾਲ ਕੀਤਾ ਕਲੀਨ ਸਵੀਪ

12/02/2019 4:48:09 PM

ਐਡੀਲੇਡ : ਨਾਥਨ ਲਿਓਨ ਦੀਆਂ 5 ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਡੇਅ-ਨਾਈਟ ਕ੍ਰਿਕਟ ਟੈਸਟ ਦੇ ਚੌਥੇ ਦਿਨ ਪਾਕਿਸਤਾਨ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕੀਤਾ। ਪਹਿਲੀ ਪਾਰੀ ਵਿਚ 287 ਦੌੜਾਂ ਨਾਲ ਪਛੜਨ ਤੋਂ ਬਾਅਦ ਫਾਲੋਆਨ ਖੇਡ ਰਹੀ ਪਾਕਿਸਤਾਨ ਦੀ ਟੀਮ ਲਿਓਨ ਅਤੇ ਜੋਸ਼ ਹੇਜ਼ਲਵੁੱਡ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਦੂਜੀ ਪਾਰੀ ਵਿਚ ਵੀ 239 ਦੌੜਾਂ ਦੀ ਬਣਾ ਸਕੀ। ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਅਜੇਤੂ 335 ਦੌੜਾਂ ਦੀ ਬਦੌਲਤ ਪਹਿਲੀ ਪਾਰੀ ਵਿਚ 3 ਵਿਕਟਾਂ 'ਤੇ 589 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਐਲਾਨੀ ਸੀ। ਲਿਓਨ ਨੇ ਇਸ ਤੋਂ ਪਹਿਲਾਂ ਕਦੇ ਪਾਕਿ ਖਿਲਾਫ 5 ਵਿਕਟਾਂ ਨਹੀਂ ਹਾਸਲ ਕੀਤੀਆਂ ਸੀ ਅਤੇ ਨਾਂ ਹੀ ਚੌਥੇ ਦਿਨ ਦੀ ਖੇਡ ਤੋਂ ਪਹਿਲਾਂ ਡੇਅ-ਨਾਈਟ ਟੈਸਟ ਵਿਚ ਕੋਈ ਵਿਕਟ ਹਾਸਲ ਕੀਤਾ ਸੀ।

PunjabKesari

ਇਸ ਆਫ ਸਪਿਨਰ ਨੇ 16ਵੀਂ ਵਾਰ 5 ਜਾਂ ਉਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਅਤੇ ਹੁਣ ਐਡੀਲੇਡ ਓਵਲ ਵਿਚ ਉਸ ਦੇ ਨਾਂ 50 ਟੈਸਟ ਵਿਕਟਾਂ ਦਰਜ ਹਨ। ਰਾਸ਼ਟਰੀ ਟੀਮ ਵਿਚ ਜਗ੍ਹਾਂ ਬਣਾਉਣ ਤੋਂ ਪਹਿਲਾਂ ਉਹ ਇਸ ਮੈਦਾਨ 'ਤੇ ਕਿਊਰੇਟਰ ਦੀ ਭੂਮਿਕਾ ਨਿਭਾਉਂਦੇ ਸੀ। ਪਾਕਿਸਤਾਨ ਨੇ ਦਿਨ ਦੀ ਸ਼ੁਰੂਆਤ 3 ਵਿਕਟਾਂ 'ਤੇ 39 ਦੌੜਾਂ ਤੋਂ ਕੀਤੀ। ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਅਤੇ ਅਸਦ ਸ਼ਾਫਿਕ ਨੇ ਸਕੋਰ 123 ਦੌੜਾਂ ਤਕ ਪਹੁੰਚਾਇਆ ਜਿਸ ਤੋਂ ਬਾਅਦ ਲਿਓਨ ਨੇ ਮਸੂਦ ਨੂੰ ਮਿਸ਼ੇਲ ਸਟਾਰਕ ਦੇ ਹੱਥੋਂ ਕੈਚ ਕਰਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਮਸੂਦ ਅਤੇ ਸ਼ਾਫਿਕ ਨੇ ਤੀਜੇ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਫਿਕ ਵੀ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਲਿਓਨ ਦੀ ਗੇਂਦ 'ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ ਜਿਸ ਨਾਲ ਟੀਮ ਦਾ ਸਕੋਰ 5 ਵਿਕਟਾਂ 'ਤੇ 154 ਹੋ ਗਿਆ। ਡਿਨਰ ਤੋਂ ਬਾਅਦ ਹੇਜ਼ਲਵੁੱਡ ਨੇ ਰਿਜਵਾਨ ਨੂੰ ਬੋਲਡ ਕੀਤਾ ਅਤੇ ਫਿਰ ਮੁਹੰਮਦ ਅੱਬਾਸ ਨੂੰ ਰਨ ਆਊਟ ਕਰ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ। ਪਾਕਿਸਤਾਨ ਹੁਣ ਸ਼੍ਰੀਲੰਕਾ ਖਿਲਾਫ ਇਕ ਦਹਾਕੇ ਤੋਂ ਬਾਅਦ ਪਹਿਲੀ ਟੈਸਟ ਸੀਰੀਜ਼ ਦਾ ਆਯੋਜਨ ਕਰੇਗਾ ਜਦਕਿ ਆਸਟਰੇਲੀਆ 3 ਟੈਸਟਾਂ ਦੀ ਸੀਰੀਜ਼ ਵਿਚ ਨਿਊਜ਼ੀਲੈਂਡ ਨਾਲ ਭਿੜੇਗਾ।

PunjabKesari


Related News