ਆਸਟਰੇਲੀਆ ਨੇ ਬਾਕਸਿੰਗ ਡੇਅ ਟੈਸਟ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
Sunday, Dec 29, 2019 - 04:00 PM (IST)

ਸਪੋਰਟਸ ਡੈਸਕ— ਆਸਟਰੇਲੀਆ ਨੇ ਮੈਲਬਰਨ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਬਾਕਸਿੰਗ ਡੇਅ-ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ 247 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਸਿਡਨੀ 'ਚ ਤਿੰਨ ਜਨਵਰੀ ਵਲੋਂ ਖੇਡਿਆ ਜਾਵੇਗਾ।
ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ 'ਚ ਵੀ ਕੀਵੀ ਬੱਲੇਬਾਜ਼ ਆਸਟਰੇਲੀਆਈ ਗੇਂਦਬਾਜ਼ਾਂ ਦੇ ਅੱਗੇ ਬੇਬਸ ਨਜ਼ਰ ਆਏ। ਆਸਟਰੇਲੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ 488 ਦੌੜਾਂ ਦਾ ਟੀਚਾ ਰਖਿਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਕੀਵੀ ਟੀਮ 240 ਦੌੜਾਂ 'ਤੇ ਆਊਟ ਹੋ ਗਈ। ਕੀਵੀ ਟੀਮ ਨੇ 71 ਓਵਰਾਂ ਦਾ ਸਾਹਮਣਾ ਕੀਤਾ। ਨਿਊਜ਼ੀਲੈਂਡ ਵੱਲੋਂ ਟਾਮ ਬਲੰਡੇਲ ਨੇ 121 ਦੌੜਾਂ ਦੀ ਬਿਹਤੀਰਨ ਪਾਰੀ ਖੇਡੀ। ਇਸ ਤੋਂ ਇਲਾਵਾ ਹੈਨਰੀ ਨਿਕੋਲਸ ਨੇ 33, ਬੀਜੇ ਵਾਟਲਿੰਗ ਨੇ 22 ਅਤੇ ਮਿਸ਼ੇਲ ਸੈਂਟਨਰ ਨੇ 27 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਸਹਿਤ 6 ਬੱਲੇਬਾਜ਼ ਦੋ ਅੰਕਾਂ ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇ ਆਸਟਰੇਲੀਆ ਵਲੋਂ ਸਪਿਨਰ ਨਾਥਨ ਲਾਇਨ ਨੇ 81 ਦੌੜਾਂ ਦੇ ਕੇ ਚਾਰ ਵਿਕਟਾਂ ਲਈ ਜਦ ਕਿ ਜੇਮਸ ਪੇਟਿੰਸਨ ਨੂੰ 3 ਸਫਲਤਾ ਮਿਲੀ। ਪਹਿਲੀ ਪਾਰੀ 'ਚ ਸ਼ਾਨਦਾਰ 114 ਦੌੜਾਂ ਬਣਾਉਣ ਵਾਲੇ ਆਸਟਰੇਲਿਆਈ ਬੱਲੇਬਾਜ਼ ਟਰੇਵਿਸ ਹੇਡ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਆਪਣੀ ਪਹਿਲੀ ਪਾਰੀ 'ਚ 467 ਦੌੜਾਂ ਬਣਾਉਣ ਤੋਂ ਬਾਅਦ ਆਸਟਰੇਲੀਆ ਨੇ ਮਹਿਮਾਨ ਟੀਮ ਨੂੰ 148 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 5 ਵਿਕਟਾਂ 'ਤੇ 168 ਦੌੜਾਂ 'ਤੇ ਐਲਾਨ ਕਰ ਦਿੱਤੀ। ਉਸ ਦੇ ਲਈ ਦੂਜੀ ਪਾਰੀ 'ਚ ਡੇਵਿਡ ਵਾਰਨਰ ਨੇ 38, ਜੋ ਬਰੰਨਸ ਨੇ 35, ਮੈਥਿਊ ਵੇਡ ਨੇ ਅਜੇਤੂ 30 ਅਤੇ ਹੇਡ ਨੇ 28 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਨੀਲ ਵੈਗਨਰ ਨੇ ਤਿੰਨ ਸਫਲਤਾ ਹਾਸਲ ਕੀਤੀ। ਸੈਂਟਨਰ ਨੂੰ ਇਕ ਵਿਕਟ ਮਿਲੀ।