ਸਿਲੰਡਰ ਨਾ ਮਿਲਣ ’ਤੇ ਮਚੀ ਹਾਹਾਕਾਰ! ਖ਼ਪਤਕਾਰਾਂ ਨੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਕਰ 'ਤਾ ਜਾਮ

Saturday, Mar 28, 2026 - 04:43 PM (IST)

ਸਿਲੰਡਰ ਨਾ ਮਿਲਣ ’ਤੇ ਮਚੀ ਹਾਹਾਕਾਰ! ਖ਼ਪਤਕਾਰਾਂ ਨੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਕਰ 'ਤਾ ਜਾਮ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਅੱਜ ਆਖਿਰਕਾਰ ਘਰੇਲੂ ਗੈਸ ਉਪਭੋਗਤਾਵਾਂ ਦੇ ਸਬਰ ਦਾ ਬੰਨ੍ਹ ਉਦੋਂ ਟੁੱਟ ਗਿਆ ਜਦੋਂ ਤੜਕੇ ਤੋਂ ਗੈਸ ਹਾਸਲ ਕਰਨ ਦੀ ਆਸ ਲਗਾ ਕੇ ਕਤਾਰਾਂ ’ਚ ਖੜ੍ਹੇ ਲੋਕਾਂ ਨੂੰ ਗੈਸ ਏਜੰਸੀ ਦੇ ਪ੍ਰਬੰਧਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅੱਜ ਸਿਲੰਡਰਾਂ ਦੀ ਗੱਡੀ ਨਾ ਆਉਣ ਕਾਰਨ ਉਨ੍ਹਾਂ ਨੂੰ ਗੈਸ ਹਾਸਲ ਨਹੀਂ ਹੋਵੇਗੀ। ਇਸ ’ਤੇ ਸ਼ਹੀਦ ਗੋਪਾਲ ਗੈਸ ਏਜੰਸੀ ਮੂਹਰੇ ਇਕੱਤਰ ਹੋਏ ਗੁਸਾਏ ਸੈਂਕੜੇ ਖ਼ਪਤਕਾਰਾਂ ਨੇ ਵੇਖਦੇ ਹੀ ਵੇਖਦੇ ਸੜਕ ’ਤੇ ਖਾਲੀ ਸਿਲੰਡਰ ਰੱਖ ਕੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਜਾਮ ਕਰ ਦਿੱਤਾ ਅਤੇ ਵਾਹਨਾਂ ਦੀਆਂ ਸੜਕ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ।

ਜ਼ਿਕਰਯੋਗ ਹੈ ਕਿ ਗੈਸ ਦੀ ਕਿੱਤਲ ਦੇ ਚੱਲਦਿਆਂ ਖ਼ਪਤਕਾਰ ਸਵੇਰ ਤੋਂ ਹੀ ਗੈਸ ਏਜੰਸੀਆਂ ਮੂਹਰੇ ਸਿਲੰਡਰ ਹਾਸਲ ਕਰਨ ਲਈ ਕਤਾਰਾਂ ’ਚ ਜੁਟ ਜਾਂਦੇ ਹਨ। ਇਸ ਦੌਰਾਨ ਭਾਵੇਂ ਗੈਸ ਏਜੰਸੀ ਵਿਖੇ ਕਰੀਬ 300 ਤੋਂ 360 ਸਿਲੰਡਰ ਹੀ ਕੰਪਨੀ ਦੀ ਤਰਫੋਂ ਪਹੁੰਦੇ ਹਨ। ਜਿਨ੍ਹਾਂ ਨੂੰ ਹਾਸਲ ਕਰਨ ਲਈ ਸੈਂਕੜੇ ਖ਼ਪਤਕਾਰਾਂ ’ਚ ਹੋੜ ਮਚ ਜਾਂਦੀ ਹੈ। ਮਗਰ ਜਦੋਂ ਉਕਤ ਸਿਲੰਡਰ ਖਤਮ ਹੋ ਜਾਂਦੇ ਹਨ ਤਾਂ ਰਹਿੰਦੇ ਖਪਤਕਾਰਾਂ ਨੂੰ ਮੁੜ ਦੂਜੇ ਦਿਨ ਕਤਾਰਾਂ ’ਚ ਲੱਗਣਾ ਪੈਂਦਾ ਹੈ। ਕਈ ਖਪਤਕਾਰਾਂ ਦਾ ਨਸੀਬ ਚੰਗਾ ਹੁੰਦਾ ਹੈ ਕਿ ਉਹ ਦੂਸਰੇ ਦਿਨ ਸਿਲੰਡਰ ਹਾਸਿਲ ਕਰਨ ’ਚ ਕਾਮਯਾਬ ਹੋ ਜਾਂਦੇ ਹਨ। ਜਦਕਿ ਕਈਆਂ ਨੂੰ ਤਾਂ ਤੀਸਰੇ ਦਿਨ ਵੀ ਮੁੜ ਕਤਾਰਾਂ ’ਚ ਖੜ੍ਹੇ ਹੋਣਾ ਪੈਂਦਾ ਹੈ। ਜਦਕਿ ਨੌਬਤ ਇਹ ਆ ਜਾਂਦੀ ਹੈ ਕਿ ਤੀਜੇ ਦਿਨ ਗੱਡੀ ਨਾ ਆਉਣ ਕਾਰਨ ਖ਼ਪਤਕਾਰ ਮਜਬੂਰੀਵਸ ਚੌਥੇ ਦਿਨ ਵੀ ਸਿਲੰਡਰ ਲੈਣ ਲਈ ਗੈਸ ਏਜੰਸੀ ਦਾ ਚੱਕਰ ਲਗਾਉਂਦੇ ਹਨ। ਅਜਿਹਾ ਹੀ ਕੁਝ ਅੱਜ ਖ਼ਪਤਕਾਰਾਂ ਨਾਲ ਵਾਪਰਿਆ। ਜਿਸ ’ਤੇ ਉਨ੍ਹਾਂ ਉਕਤ ਜਾਮ ਲਗਾ ਦਿੱਤਾ।

ਇਹ ਵੀ ਪੜ੍ਹੋ: ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ ਚੱਲ ਰਹੀ ਗੰਦੀ ਖੇਡ

PunjabKesari

ਜੈ ਹਿੰਦ ਗੈਸ ਏਜੰਸੀ ’ਤੇ ਦੂਜੇ ਦਿਨ ਤੇ ਸ਼ਹੀਦ ਗੋਪਾਲ ਏਜੰਸੀ ਵਿਖੇ ਅੱਜ ਗੈਸ ਸਪਲਾਈ ਨਹੀਂ ਪਹੁੰਚੀ
ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਵਿਖੇ 2 ਗੈਸ ਏਜੰਸੀਆਂ ਹਨ, ਜਿਨ੍ਹਾਂ ਨਾਲ ਕਰੀਬ 35 ਹਜ਼ਾਰ ਤੋਂ ਵੱਧ ਖ਼ਪਤਕਾਰ ਜੁੜੇ ਹੋਏ ਹਨ। ਇਸ ਦੌਰਾਨ ਅੱਜ ਨੂਰਪੁਰਬੇਦੀ ਸਥਿਤ ਸ਼ਹੀਦ ਗੋਪਾਲ ਏਜੰਸੀ ਵਿਖੇ ਅੱਜ ਕੰਪਨੀ ਦੀ ਤਰਫ਼ੋਂ ਸਿਲੰਡਰਾਂ ਦੀ ਸਪਲਾਈ ਨਹੀਂ ਪਹੁੰਚੀ। ਜਦਕਿ ਦੂਸਰੀ ਜੈ ਹਿੰਦ ਗੈਸ ਏਜੰਸੀ ਵਿਖੇ ਦੂਜੇ ਦਿਨ ਗੈਸ ਸਪਲਾਈ ਨਾ ਪਹੁੰਚਣ ਕਾਰਨ ਖ਼ਪਤਕਾਰਾਂ ਨੂੰ ਸਿਲੰਡਰ ਹਾਸਲ ਨਹੀਂ ਹੋਏ। ਸ਼ਹੀਦ ਗੋਪਾਲ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੰਪਨੀ ਕੋਲ ਸਿਲੰਡਰਾਂ ਲਈ ਬੁਕਿੰਗ ਕਰਵਾਈ ਗਈ ਸੀ ਮਗਰ ਅੱਜ ਗੈਸ ਸਪਲਾਈ ਨਹੀਂ ਪਹੁੰਚੀ ਹੈ। ਜਦਕਿ ਜੈ ਹਿੰਦ ਗੈਸ ਏਜੰਸੀ ਦੀ ਮੈਨੇਜਰ ਮੈਡਮ ਰੀਟਾ ਨੇ ਦੱਸਿਆ ਕਿ 26 ਮਾਰਚ ਨੂੰ ਕੰਪਨੀ ਦੀ ਤਰਫ਼ੋਂ ਉਨ੍ਹਾਂ ਨੂੰ ਸਿਲੰਡਰ ਉਪਲੱਬਧ ਹੋਏ ਸਨ ਅਤੇ ਜਿਸ ਦੀ ਡਿਲੀਵਰੀ 27 ਮਾਰਚ ਨੂੰ ਦਿੱਤੀ ਗਈ। ਜਦਕਿ 27 ਮਾਰਚ ਅਤੇ ਅੱਜ 28 ਮਾਰਚ ਨੂੰ ਮੁੜ ਕੰਪਨੀ ਦੀ ਤਰਫੋਂ ਗੈਸ ਉਪਲੱਬਧ ਨਹੀਂ ਹੋ ਸਕੀ ਹੈ। ਏਜੰਸੀ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਦੇਰ ਸ਼ਾਮ ਤੱਕ ਮੁੜ ਗੈਸ ਸਿਲੰਡਰ ਉਪਲੱਬਧ ਹੋਣ ਦੀ ਆਸ ਹੈ। ਜਿਸ ’ਤੇ 29 ਮਾਰਚ ਨੂੰ ਗੈਸ ਦੀ ਸਪਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਭਰਾ ਨੇ ਦਿੱਤੀ ਚਿਤਾਵਨੀ

PunjabKesari

ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਐੱਸ. ਡੀ. ਐੱਮ. ਕੋਲ ਮੁੱਦਾ ਉਠਾਇਆ
ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਗੈਸ ਏਜੰਸੀ ਦੇ ਪ੍ਰਬੰਧਕਾਂ ਵੱਲੋਂ ਬਾਕਾਇਦਾ ਸਿਲੰਡਰ ਹਾਸਲ ਕਰਨ ਵਾਲਿਆਂ ਦੀ ਲਿਸਟ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਖ਼ਪਤਕਾਰਾਂ ਨੂੰ ਰੋਜ਼ਾਨਾ ਕਤਾਰਾਂ ’ਚ ਲੱਗ ਕੇ ਸਮਾਂ ਬਰਬਾਦ ਨਾ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਉਨ੍ਹਾਂ ਇਸ ਸਬੰਧੀ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ ਦੇ ਧਿਆਨ ’ਚ ਵੀ ਉਕਤ ਮਾਮਲਾ ਲਿਆਂਦਾ ਹੈ ਤੇ ਜਿਨ੍ਹਾਂ ਵਿਸ਼ਵਾਸ਼ ਦਿਲਾਇਆ ਕਿ ਉਹ ਇਸ ਸਬੰਧੀ ਏਜੰਸੀ ਪ੍ਰਬੰਧਕਾਂ ਨਾਲ ਗੱਲ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ

ਪੁਲਸ ਅਧਿਕਾਰੀਆਂ ਤੇ ਏਜੰਸੀ ਪ੍ਰਬੰਧਕਾਂ ਵੱਲੋਂ ਸਮਝਾਉਣ ’ਤੇ ਧਰਨਾਕਾਰੀਆਂ ਦੇ ਸ਼ਾਂਤ ਹੋਣ ’ਤੇ ਟ੍ਰੈਫਿਕ ਬਹਾਲ ਹੋਈ 
ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਦਕਿ ਖ਼ਪਤਕਾਰਾਂ ਵੱਲੋਂ ਮੁੱਖ ਮਾਰਗ ਜਾਮ ਕੀਤੇ ਜਾਣ ਦਾ ਪਤਾ ਚੱਲਣ ’ਤੇ ਕੁਝ ਦੇਰ ਬਾਅਦ ਸਥਾਨਕ ਥਾਣੇ ਤੋਂ ਪਹੁੰਚੇ ਪੁਲਸ ਅਧਿਕਾਰੀਆਂ ਅਤੇ ਏਜੰਸੀ ਪ੍ਰਬੰਧਕਾਂ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਸ਼ਾਂਤ ਕੀਤਾ। ਜਿਸਤੋਂ ਉਪਰੰਤ ਜਾਮ ਹਟਾਉਣ ’ਤੇ ਅੱਧੇ ਘੰਟੇ ਤੋਂ ਵੀ ਵੱਧ ਸਮਾਂ ਜਾਮ ਰਹੀ ਟ੍ਰੈਫਿਕ ਬਹਾਲ ਹੋਈ। ਇਸ ਦੌਰਾਨ ਏਜੰਸੀ ਪ੍ਰਬੰਧਕਾਂ ਨੇ ਰੋਜ਼ਾਨਾ ਭਾਰੀ ਸਿਲੰਡਰ ਲੈ ਕੇ ਗੈਸ ਲੈਣ ਲਈ ਪਹੁੰਚ ਰਹੇ ਖ਼ਪਤਕਾਰਾਂ ਦੇ ਉਨ੍ਹਾਂ ਦੀ ਸੁਵਿਧਾ ਲਈ ਏੇਜੰਸੀ ਵਿਖੇ ਹੀ ਖਾਲੀ ਸਿਲੰਡਰ ਰੱਖਵਾ ਕੇ ਉਨ੍ਹਾਂ ਨੂੰ ਉਕਤ ਪ੍ਰੇਸ਼ਾਨੀ ਤੋਂ ਕੁਝ ਰਾਹਤ ਪ੍ਰਦਾਨ ਕੀਤੀ। ਕਿਉਂਕਿ ਲੋਕਾਂ ਨੂੰ ਰੋਜ਼ਾਨਾ ਸਿਲੰਡਰ ਲੈ ਕੇ ਆਉਣ ’ਤੇ ਭਾਰੀ ਮੁਸ਼ਕਿਲ ਪੇਸ਼ ਆਉਂਦੀ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News