ਆਰਚਰ ਦੇ ਦਮ ''ਤੇ ਆਸਟਰੇਲੀਆ ''ਤੇ ਨਿਸ਼ਾਨਾ ਵਿੰਨ੍ਹੇਗਾ ਇੰਗਲੈਂਡ!

08/14/2019 3:30:04 AM

ਲੰਡਨ— ਆਸਟਰੇਲੀਆ ਤੋਂ ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ 251 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਜਾਣ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਦੀ ਟੀਮ ਇਤਿਹਾਸਕ ਲਾਰਡਸ ਮੈਦਾਨ 'ਤੇ ਵਿਸ਼ਵ ਕੱਪ ਦੇ ਹੀਰੋ ਅਤੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੇ ਦਮ 'ਤੇ 5 ਮੈਚਾਂ ਦੀ ਸੀਰੀਜ਼ ਵਿਚ ਮਜ਼ਬੂਤ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ। ਇੰਗਲੈਂਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਵਿਚ ਚੈਂਪੀਅਨ ਬਣਾਉਣ ਵਾਲੇ ਆਰਚਰ ਦਾ ਲਾਰਡਸ ਵਿਚ ਟੈਸਟ ਡੈਬਿਊ ਕਰਨਾ ਤੈਅ ਮੰਨਿਆ ਜਾ ਰਿਹਾ ਹੈ। ਆਰਚਰ ਦੇ ਟੀਮ ਵਿਚ ਸ਼ਾਮਲ ਹੋਣ ਨਾਲ ਇੰਗਲੈਂਡ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੇਗੀ। ਹਾਲਾਂਕਿ ਆਰਚਰ ਦਾ ਕਹਿਣਾ ਹੈ ਕਿ ਟੀਮ ਉਸ ਤੋਂ ਕੋਈ ਚਮਤਕਾਰ ਦੀ ਉਮੀਦ ਨਾ ਕਰੇ ਪਰ ਉਹ ਲਾਰਡਸ ਮੈਦਾਨ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਆਰਚਰ ਨੇ ਵਿਸ਼ਵ ਕੱਪ ਵਿਚ ਆਪਣੀ ਗਤੀ ਅਤੇ ਉਛਾਲ ਨਾਲ 20 ਵਿਕਟਾਂ ਹਾਸਲ ਕੀਤੀਆਂ ਸਨ।
ਇੰਗਲੈਂਡ ਦਾ ਪ੍ਰਮੁੱਖ ਤੇਜ਼ ਗੇਂਦਬਾਜ਼ ਅਤੇ ਲਾਰਡਸ ਮੈਦਾਨ 'ਤੇ 103 ਵਿਕਟਾਂ ਹਾਸਲ ਕਰਨ ਵਾਲਾ ਜੇਮਸ ਐਂਡਰਸਨ ਸੱਟ ਕਾਰਣ ਇਸ ਮੈਚ ਵਿਚੋਂ ਬਾਹਰ ਹੋ ਗਿਆ ਹੈ, ਅਜਿਹੇ ਵਿਚ ਆਰਚਰ ਦੇ ਉੱਪਰ ਸਟੂਅਰਟ ਬ੍ਰਾਡ ਅਤੇ ਕ੍ਰਿਸ ਵੋਕਸ ਦਾ ਸਾਥ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਕਾਬੂ ਕਰਨਾ ਪਵੇਗਾ, ਜਿਸ ਨੇ ਐਜਬਸਟਨ ਵਿਚ ਪਹਿਲੇ ਟੈਸਟ ਵਿਚ 144 ਅਤੇ 142 ਦੌੜਾਂ ਬਣਾ ਕੇ ਇੰਗਲੈਂਡ ਦੇ ਹੱਥੋਂ ਮੈਚ ਖੋਹ ਲਿਆ ਸੀ।
ਇੰਗਲੈਂਡ ਨੇ ਪਹਿਲੀ ਪਾਰੀ ਵਿਚ ਆਸਟਰੇਲੀਆ ਦੀਆਂ 8 ਵਿਕਟਾਂ 122 ਦੌੜਾਂ 'ਤੇ ਲੈ ਲਈਆਂ ਸਨ ਪਰ ਸਮਿਥ ਦੇ ਚਮਤਕਾਰੀ ਪ੍ਰਦਰਸ਼ਨ ਨਾਲ ਆਸਟਰੇਲੀਆ ਨੇ ਵਾਪਸੀ ਕਰਦਿਆਂ ਆਖਰੀ ਦਿਨ ਮੈਚ 251 ਦੌੜਾਂ ਨਾਲ ਜਿੱਤ ਲਿਆ ਸੀ। ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ 6 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਸੀ।  ਇੰਗਲੈਂਡ ਦੂਜੇ ਮੁਕਾਬਲੇ ਵਿਚ ਵਾਪਸੀ ਕਰਨ ਲਈ  ਪੂਰੀ ਤਰ੍ਹਾਂ ਬੇਤਾਬ ਹੈ ਤਾਂ ਕਿ ਸੀਰੀਜ਼ ਨੂੰ ਸੰਤੁਲਿਤ ਕੀਤਾ ਜਾ ਸਕੇ। ਇੰਗਲੈਂਡ ਨੇ ਪਹਿਲੇ ਏਸ਼ੇਜ਼ ਟੈਸਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਆਫ ਸਪਿਨਰ ਮੋਇਨ ਅਲੀ ਨੂੰ ਦੂਜੇ ਏਸ਼ੇਜ਼ ਟੈਸਟ ਲਈ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ ਅਤੇ ਉਸਦੀ ਥਾਂ 'ਤੇ ਸਮਰਸੈੱਟ ਦੇ ਲੈਫਟ ਆਰਮ ਸਪਿਨਰ ਜੈਕ ਲੀਚ ਨੂੰ ਸ਼ਾਮਲ ਕੀਤਾ ਹੈ। 
ਮੋਇਨ ਦਾ ਪਹਿਲੇ ਟੈਸਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਅਤੇ ਉਹ ਮੈਚ ਵਿਚ 172 ਦੌੜਾਂ ਦੇ ਕੇ 3 ਵਿਕਟਾਂ ਹੀ ਲੈ ਸਕਿਆ  ਸੀ ਅਤੇ 0 ਅਤੇ 4 ਦੌੜਾਂ ਹੀ ਬਣਾ ਸਕਿਆ ਸੀ। ਉਸ ਨੂੰ ਦੋਵੇਂ ਪਾਰੀਆਂ ਵਿਚ ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ ਆਊਟ ਕੀਤਾ ਸੀ। ਇਸ ਮੈਚ ਵਿਚ ਲਿਓਨ ਨੇ 9 ਵਿਕਟਾਂ ਲਈਆਂ ਸਨ।  ਆਖਰੀ ਇਲੈਵਨ ਵਿਚ ਐਂਡਰਸਨ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ ਕਿਊਰਾਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਨੇ 10 ਟੈਸਟ ਖੇਡੇ ਹਨ ਅਤੇ ਉਸਦਾ ਆਖਰੀ ਟੈਸਟ ਪਿਛਲੇ ਮਹੀਨੇ ਲਾਰਡਸ ਵਿਚ ਆਇਰਲੈਂਡ ਵਿਰੁੱਧ ਸੀ। 
ਪੈਟਿੰਸਨ ਨੂੰ ਆਸਟਰੇਲੀਆਈ ਟੀਮ 'ਚੋਂ ਆਰਾਮ, ਲਾਰਡਸ 'ਚ ਉਤਰੇਗਾ ਹੇਜਲਵੁਡ
ਆਸਟਰੇਲੀਆ ਨੇ ਇੰਗਲੈਂਡ ਵਿਰੁੱਧ ਬੁੱਧਵਾਰ ਤੋਂ ਲਾਰਡਸ ਮੈਦਾਨ 'ਤੇ ਸ਼ੁਰੂ ਹੋਣ ਵਾਲੇ ਦੂਜੇ ਏਸ਼ੇਜ਼ ਟੈਸਟ ਲਈ ਤੇਜ਼ ਗੇਂਦਬਾਜ਼ ਜੈਮਸ ਪੈਟਿੰਸਨ ਨੂੰ ਆਰਾਮ ਦਿੱਤਾ ਹੈ ਅਤੇ ਇਸ ਮੁਕਾਬਲੇ ਵਿਚ ਹੋਰ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਉੱਤਰ ਸਕਦਾ ਹੈ। ਆਸਟਰੇਲੀਆ ਨੇ ਮੰਗਲਵਾਰ ਸਵੇਰੇ ਦੂਜੇ ਟੈਸਟ ਲਈ ਆਪਣੀ 12 ਮੈਂਬਰੀ ਟੀਮ ਦਾ ਐਲਾਨ ਕੀਤਾ। ਆਸਟਰੇਲੀਆ ਨੇ ਪੈਟਿੰਸਨ ਨੂੰ ਇਸ ਮੁਕਾਬਲੇ ਤੋਂ ਆਰਾਮ ਇਸ ਲਈ ਦਿੱਤਾ ਹੈ ਤਾਂ ਕਿ ਉਹ ਅਗਲੇ ਹਫਤੇ ਲੀਡਸ ਵਿਚ ਹੋਣ ਵਾਲੇ ਟੈਸਟ ਵਿਚ ਤਰੋ-ਤਾਜ਼ਾ ਹੋ ਸਕੇ।
ਟੀਮ ਇਸ ਤਰ੍ਹਾਂ ਹੈ : ਟਿਮ ਪੇਨ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਵਾਰਨਰ, ਕੈਮਰੂਨ ਬੇਨਕ੍ਰਾਫਟ, ਉਸਮਾਨ ਖਵਾਜਾ, ਸਟੀਵ ਸਮਿਥ, ਟ੍ਰੇਵਿਸ ਹੈੱਡ, ਮੈਥਿਊ ਵੇਡ, ਪੈਟ ਕਮਿੰਸ, ਮਿਸ਼ੇਲ ਸਟਾਰਕ, ਪੀਟਰ ਸਿਡਲ, ਨਾਥਨ ਲਿਓਨ ਤੇ ਜੋਸ਼ ਹੇਜਲਵੁਡ।
 


Gurdeep Singh

Content Editor

Related News