ਆਸਟਰੇਲੀਆ ਨੇ ਭਾਰਤ ਵਿਰੁੱਧ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ
Thursday, Oct 29, 2020 - 07:37 PM (IST)
ਮੈਲਬੋਰਨ– ਕ੍ਰਿਕਟ ਆਸਟਰੇਲੀਆ ਨੇ ਭਾਰਤ ਵਿਰੁੱਧ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਵਨ ਡੇ ਤੇ ਟੀ-20 ਸੀਰੀਜ਼ ਲਈ 18 ਮੈਂਬਰੀ ਆਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਲਰਾਊਂਡਰ ਮੋਇਸਿਸ ਹੈਨਰਿਕਸ ਦੀ 3 ਸਾਲਾਂ ਬਾਅਦ ਟੀਮ ਵਿਚ ਵਾਪਸੀ ਹੋਈ ਹੈ ਜਦਕਿ 21 ਸਾਲਾ ਨੌਜਵਾਨ ਆਲਰਾਊਂਡਰ ਕੈਮਰੂਨ ਗ੍ਰੀਨ ਤੇ ਡੇਨੀਅਲ ਸੈਮਸ ਟੀਮ 'ਚ ਨਵਾਂ ਚਿਹਰਾ ਹੈ।
ਆਸਟਰੇਲੀਆ ਨੇ ਨਵੰਬਰ-ਦਸੰਬਰ ਵਿਚ ਭਾਰਤ ਦੇ ਨਾਲ 3-3 ਮੈਚਾਂ ਦੀਆਂ ਵਨ ਡੇ ਤੇ ਟੀ-20 ਸੀਰੀਜ਼ ਖੇਡਣੀਆਂ ਹਨ। ਕ੍ਰਿਕਟ ਆਸਟਰੇਲੀਆ ਦੇ ਰਾਸ਼ਟਰੀ ਚੋਣਕਾਰ ਟ੍ਰੇਵਰ ਹਾਨਸ ਨੇ ਵੀਰਵਾਰ ਨੂੰ ਟੀਮ ਦਾ ਐਲਾਨ ਕਰਦੇ ਹੋਏ ਕਿਹਾ, ''ਪੂਰੀ ਟੀਮ ਨੇ ਇੰਗਲੈਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਨ ਡੇ ਕ੍ਰਿਕਟ ਦੀ ਵਿਸ਼ਵ ਚੈਂਪੀਅਨ ਟੀਮ ਨੂੰ ਹਰਾਇਆ ਸੀ ਤੇ ਨਾਲ ਹੀ ਟੀ-20 ਕੌਮਾਂਤਰੀ ਕ੍ਰਿਕਟ ਵਿਚ ਚੋਟੀ ਰੈਂਕਿੰਗ ਵੀ ਹਾਸਲ ਕੀਤੀ ਸੀ। ਅਸੀਂ ਕ੍ਰਿਕਟ 'ਚ ਆਪਣੇ ਸਭ ਤੋਂ ਵੱਡੇ ਵਿਰੋਧੀਆਂ ਵਿਚੋਂ ਇਕ ਭਾਰਤ ਦੇ ਨਾਲ ਖੇਡਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ।''
ਹੈਨਰਿਕਸ ਆਸਟਰੇਲੀਆ ਵਲੋਂ ਆਖਰੀ ਵਾਰ ਅਕਤੂਬਰ 2017 ਵਿਚ ਖੇਡਿਆ ਸੀ ਪਰ ਉਸ ਨੇ ਪਿਛਲੇ ਕੁਝ ਸਮੇਂ ਤੋਂ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 33 ਸਾਲਾ ਹੈਨਰਿਕਸ ਨੇ 2019 ਵਿਚ ਬਿੱਗ ਬੈਸ਼ ਲੀਗ ਵਿਚ ਸਿਡਨੀ ਸਿਕਸਰਸ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਖਿਤਾਬ ਤਕ ਪਹੁੰਚਾਇਆ ਸੀ। ਪਿਛਲੇ ਹਫਤੇ ਹੈਨਰਿਕਸ ਨੇ ਸ਼ੈਫੀਲਡ ਸ਼ੀਲਡ ਵਿਚ ਨਿਊ ਸਾਊਥ ਵੇਲਸ ਵਲੋਂ ਖੇਡਦੇ ਹੋਏ ਬਿਹਤਰੀਨ 167 ਦੌੜਾਂ ਬਣਾਈਆਂ ਸਨ।
ਹਾਨਸ ਨੇ ਕਿਹਾ,''ਹੈਨਰਿਕਸ ਇਕ ਬੇਹੱਦ ਪ੍ਰਤਿਭਾਸ਼ਾਲੀ ਕ੍ਰਿਕਟਰ ਹੈ। ਉਸ ਕੋਲ ਕਾਫੀ ਤਜਰਬਾ ਹੈ, ਜਿਸਦਾ ਟੀਮ ਨੂੰ ਕਾਫੀ ਲਾਭ ਮਿਲੇਗਾ। ਬਿੱਗ ਬੈਸ਼ ਲੀਗ ਵਿਚ ਸਿਡਨੀ ਸਿਕਸਰਸ ਵਲੋਂ ਖੇਡਦੇ ਹੋਏ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਸੈਸ਼ਨ ਦੀ ਸ਼ੁਰੂਆਤ ਵਿਚ ਵੀ ਉਹ ਬਿਹਤਰ ਖੇਡਿਆ ਹੈ।''
ਇਸ ਤੋਂ ਇਲਾਵਾ ਆਸਟਰੇਲੀਆਈ ਟੀਮ ਵਿਚ ਸ਼ਾਮਲ ਕੀਤੇ ਗਏ 21 ਸਾਲਾ ਨੌਜਵਾਨ ਆਲਰਾਊਂਡਰ ਗ੍ਰੀਨ ਨੇ ਪੱਛਮੀ ਆਸਟਰੇਲੀਆ ਵਲੋਂ ਸਿਰਫ 9 ਵਨ ਡੇ ਮੈਚ ਖੇਡੇ ਹਨ ਜਦਕਿ ਪਰਥ ਸਕਾਰਚਸ ਵਲੋਂ ਉਸ ਨੇ 13 ਟੀ-20 ਮੈਚ ਖੇਡੇ ਹਨ। ਨੌਜਵਾਨ ਬੱਲੇਬਾਜ਼ੀ ਆਲਰਾਊਂਡਰ ਨੇ ਸ਼ੈਫੀਲਡ ਸ਼ੀਲਡ ਕ੍ਰਿਕਟ ਲੀਗ ਵਿਚ ਪੱਛਮੀ ਆਸਟਰੇਲੀਆ ਵਲੋਂ ਖੇਡਦੇ ਹੋਏ 2 ਮੈਚਾਂ ਵਿਚ 132 ਦੀ ਔਸਤ ਨਾਲ 264 ਦੌੜਾਂ ਬਣਾਈਆਂ ਹਨ, ਜਿਸ ਵਿਚ ਉਸਦੀ 197 ਦੌੜਾਂ ਦੀ ਧਮਾਕੇਦਾਰ ਪਾਰੀ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਆਲਰਾਊਂਡਰ ਡੇਨੀਅਲ ਸੈਮਸ ਨੂੰ ਵੀ ਆਸਟਰੇਲੀਆਈ ਟੀਮ ਵਿਚ ਮੌਕਾ ਦਿੱਤਾ ਗਿਆ ਹੈ। 28 ਸਾਲਾ ਸੈਮਸ ਆਈ. ਪੀ. ਐੱਲ. 2020 ਵਿਚ ਦਿੱਲੀ ਕੈਪੀਟਲਸ ਵਲੋਂ ਖੇਡ ਰਿਹਾ ਹੈ। ਉਥੇ ਹੀ ਗੋਡੇ ਦੀ ਸੱਟ ਤੋਂ ਉਭਰ ਰਹੇ ਮਿਸ਼ੇਲ ਸਟਾਰਕ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਇਸ ਲਈ ਉਸ ਨੂੰ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ ਹੋਣ ਵਾਲੀ ਵਨ ਡੇ ਸੀਰੀਜ਼ ਆਈ. ਸੀ. ਸੀ. ਦੀ ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। 3 ਮੈਚਾਂ ਦੀ ਵਨ ਡੇ ਸੀਰੀਜ਼ 27 ਨਵੰਬਰ ਤੋਂ 2 ਦਸੰਬਰ ਵਿਚਾਲੇ ਖੇਡੀ ਜਾਵੇਗੀ ਜਦਕਿ 4 ਤੋਂ 8 ਦਸੰਬਰ ਵਿਚਾਲੇ 3 ਟੀ-20 ਮੈਚਾਂ ਵਾਲੀ ਸੀਰੀਜ਼ ਖੇਡੀ ਜਾਵੇਗੀ।
ਭਾਰਤ ਵਿਰੁੱਧ ਹੋਣ ਵਾਲੀ ਵਨ ਡੇ ਤੇ ਟੀ-20 ਸੀਰੀਜ਼ ਲਈ ਆਸਟਰੇਲੀਆਈ ਟੀਮ ਇਸ ਤਰ੍ਹਾਂ ਹੈ : ਆਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਐਗਰ, ਐਲਕਸ ਕੈਰੀ, ਪੈਟ ਕਮਿਸ, ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁਡ, ਮੋਇਸਿਸ ਹੈਨਰਿਕਸ, ਮਾਰਨਸ ਲਾਬੂਚਾਨੇ, ਗਲੇਨ ਮੈਕਸਵੈੱਲ, ਡੇਨੀਅਲ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਮਾਰਸ਼, ਮਾਰਕਸ ਸਟੋਇੰਸ, ਮੈਥਿਊ ਵੇਡ, ਡੇਵਿਡ ਵਾਰਨਰ ਤੇ ਐਡਮ ਜਾਂਪਾ।