ਆਸਟ੍ਰੇਲੀਆ ਦੇ ਜਾਨਸਨ ਨੂੰ ਟੀ-20 ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਉਮੀਦ
Saturday, Feb 10, 2024 - 06:57 PM (IST)
ਮੈਲਬੋਰਨ–ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਪੇਂਸਰ ਜਾਨਸਨ ਦੀਆਂ ਨਜ਼ਰਾਂ ਇਸ ਸਾਲ ਮਈ ਵਿਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟ੍ਰੇਲੀਆ ਦੀ ਟੀ-20 ਵਿਸ਼ਵ ਕੱਪ ਵਿਚ ਟੀਮ ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹਨ। ਗੁਜਰਾਤ ਟਾਈਟਨਸ ਨੇ ਉਸ ਨੂੰ 10 ਕਰੋੜ ਰੁਪਏ ਦੀ ਰਾਸ਼ੀ ਵਿਚ ਟੀਮ ਵਿਚ ਸ਼ਾਮਲ ਕੀਤਾ ਸੀ। ਇਹ 28 ਸਾਲਾ ਖਿਡਾਰੀ ਐਤਵਾਰ ਨੂੰ ਐਡੀਲੇਡ ਓਵਲ ਵਿਚ ਵੈਸਟਇੰਡੀਜ਼ ਵਿਰੁੱਧ ਦੂਜਾ ਟੀ-20 ਕੌਮਾਂਤਰੀ ਮੈਚ ਖੇਡਣ ਨੂੰ ਤਿਆਰ ਹੈ।
ਜਾਨਸਨ ਨੇ ਕਿਹਾ,‘‘ਆਸਟ੍ਰੇਲੀਆ ਲਈ ਕੁਝ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ ਪਰ ਵਿਸ਼ਵ ਕੱਪ ਵਿਚ ਅਜੇ ਲੰਬਾ ਸਮਾਂ ਹੈ ਤੇ ਜੇਕਰ ਮੇਰਾ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਚੰਗਾ ਰਹਿੰਦਾ ਹੈ ਤਾਂ ਪੂਰੀ ਉਮੀਦ ਹੈ ਕਿ ਮੈਂ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹੋ ਸਕਦਾ ਹਾਂ।’’
ਜਾਨਸਨ ਨੇ ਅਜੇ ਤਕ ਇਕ ਵਨ ਡੇ ਤੇ ਦੋ ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ 2023-24 ਬਿੱਗ ਬੈਸ਼ ਲੀਗ ਵਿਚ ਸਫਲ ਮੁਹਿੰਮ ਵਿਚ 11 ਪਾਰੀਆਂ ਵਿਚ 19 ਵਿਕਟਾਂ ਲਈਆਂ। ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਬਿੱਗ ਬੈਸ਼ ਲੀਗ ਵਿਚ ਮੈਂ ਜਿਹੜਾ ਪ੍ਰਦਰਸ਼ਨ ਕੀਤਾ ਹੈ, ਉਮੀਦ ਹੈ ਕਿ ਉਹ ਕਾਫੀ ਹੋਵੇਗਾ।’’
ਆਈ.ਸੀ. ਸੀ. ਟੀ-20 ਵਿਸ਼ਵ ਕੱਪ ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ ਜੂਨ ਵਿਚ ਵੈਸਟਇੰਡੀਜ਼ ਤੇ ਅਮਰੀਕਾ ਵਿਚ ਖੇਡਿਆ ਜਾਵੇਗਾ।