Year Ender 2021 : ਐਥਲੈਟਿਕਸ ’ਚ ‘ਮਹਾਨਾਇਕ’ ਨੀਰਜ ਚੋਪੜਾ ਸਮੇਤ ਇਨ੍ਹਾਂ ਐਥਲੀਟਸ ਨੇ ਵਧਾਇਆ ਭਾਰਤ ਦਾ ਮਾਣ
Friday, Dec 31, 2021 - 08:51 PM (IST)
ਨਵੀਂ ਦਿੱਲੀ (ਭਾਸ਼ਾ)-ਨੀਰਜ ਚੋਪੜਾ ਨੇ ਸਾਲ 2021 ’ਚ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਭਾਰਤੀ ਐਥਲੈਟਿਕਸ ’ਚ ਇਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਜਿਹੀ ਸਫ਼ਲਤਾ ਹਾਸਲ ਕੀਤੀ, ਜਿਸ ਦੀ ਦੇਸ਼ ਨੂੰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਉਡੀਕ ਸੀ। ਇਸ ਸਫ਼ਲਤਾ ਕਾਰਨ ਉਨ੍ਹਾਂ ਨੂੰ ਦੇਸ਼ ’ਚ ਇਕ ਮਹਾਨਾਇਕ ਦਾ ਦਰਜਾ ਮਿਲਿਆ। ਕਿਸਾਨ ਦੇ ਪੁੱਤ ਨੀਰਜ ਨੇ 7 ਅਗਸਤ ਨੂੰ 57.58 ਮੀਟਰ ਜੈਵਲਿਨ ਸੁੱਟ ਕੇ ਨਾ ਸਿਰਫ ਭਾਰਤੀ ਐਥਲੈਟਿਕਸ ਸਗੋਂ ਭਾਰਤੀ ਖੇਡਾਂ ’ਚ ਵੀ ਨਵਾਂ ਇਤਿਹਾਸ ਰਚ ਦਿੱਤਾ, ਜਿਸ ਦੀ ਧਮਕ ਸਾਲਾਂਬੱਧੀ ਸੁਣਾਈ ਦੇਵੇਗੀ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਸੰਨਿਆਸ ਮਗਰੋਂ ਹਰਭਜਨ ਸਿੰਘ ਦੀ ‘ਸਿਆਸੀ ਪਿੱਚ’ ’ਤੇ ਉਤਰਨ ਦੀ ਚਰਚਾ ਹੋਈ ਤੇਜ਼
ਇਹ ਉਨ੍ਹਾਂ ਦਾ ਨਿੱਜੀ ਸਰਵੋਤਮ ਯਤਨ ਵੀ ਨਹੀਂ ਸੀ ਪਰ ਇਸ ਨਾਲ ਕੋਈ ਫਰਕ ਨਹੀਂ ਪਿਆ ਕਿਉਂਕਿ ਚੋਪੜਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕ ’ਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਸਨ। ਚੋਪੜਾ ਨੂੰ ਸ਼ੁਰੂ ਤੋਂ ਹੀ ਤਮਗੇ ਦਾ ਦਾਅਵੇਦਾਰ ਮੰਨਿਆ ਜਾਂਦਾ ਸੀ ਪਰ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਉਹ ਉਪਲੱਬਧੀ ਹਾਸਲ ਕੀਤੀ, ਜਿਸ ਦਾ ਕਦੇ ਭਾਰਤੀ ਐਥਲੀਟਾਂ ਨੇ ਸੁਫ਼ਨਾ ਦੇਖਿਆ ਸੀ। ਐਥਲੈਟਿਕਸ ’ਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਸੀ। ਚੋਪੜਾ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ ਸੀ, ‘‘ਇਹ ਅਵਿਸ਼ਵਾਸਯੋਗ ਹੈ। ਇਹ ਮੇਰੇ ਲਈ ਅਤੇ ਮੇਰੇ ਦੇਸ਼ ਲਈ ਮਾਣ ਵਾਲਾ ਪਲ ਹੈ। ਇਹ ਪਲ ਹਮੇਸ਼ਾ ਮੇਰੇ ਨਾਲ ਰਹੇਗਾ। ਜਿੱਥੇ ਚੋਪੜਾ ਦੇ ਸੋਨ ਤਮਗੇ ਨੇ ਭਾਰਤੀ ਐਥਲੈਟਿਕਸ ’ਚ ਇਕ ਨਵੀਂ ਸ਼ੁਰੂਆਤ ਕੀਤੀ, ਉੱਥੇ ਹੀ ਦੇਸ਼ ਨੇ ਇਸ ਸਾਲ ਮਹਾਨ ਮਿਲਖਾ ਸਿੰਘ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ ਵੀ ਦੇਖਿਆ। ਮਿਲਖਾ ਸਿੰਘ ਆਜ਼ਾਦ ਭਾਰਤ ਦੇ ਮਹਾਨ ਖਿਡਾਰੀਆਂ ’ਚੋਂ ਇਕ 1960 ਰੋਮ ਓਲੰਪਿਕ ’ਚ 400 ਮੀਟਰ ਦੌੜ ’ਚ ਬਹੁਤ ਥੋੜ੍ਹੇ ਫਰਕ ਨਾਲ ਕਾਂਸੀ ਤਮਗੇ ਤੋਂ ਖੁੰਝ ਗਏ। ਚੋਪੜਾ ਦੀ ਇਤਿਹਾਸਕ ਪ੍ਰਾਪਤੀ ਤੋਂ ਦੋ ਮਹੀਨੇ ਪਹਿਲਾਂ ਉੱਡਣਾ ਸਿੱਖ ਮਿਲਖਾ ਸਿੰਘ ਦਾ ਚੰਡੀਗੜ੍ਹ ’ਚ ਦੇਹਾਂਤ ਹੋ ਗਿਆ ਸੀ। ਉਹ 91 ਸਾਲ ਦੇ ਸਨ। ਚੋਪੜਾ ਨੇ ਆਪਣਾ ਤਮਗਾ ਇਸ ਮਹਾਨ ਐਥਲੀਟ ਨੂੰ ਸਮਰਪਿਤ ਕੀਤਾ।
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਵੀ ਕੁਝ ਸਮੇਂ ਲਈ ਓਲੰਪਿਕ ’ਚ ਚਰਚਾ ’ਚ ਰਹੇ। ਉਹ ਕੁਆਲੀਫਾਇੰਗ ਰਾਊਂਡ ’ਚ ਦੂਜੇ ਸਥਾਨ 'ਤੇ ਰਹੇ ਸਨ ਪਰ ਫਾਈਨਲ ’ਚ ਛੇਵੇਂ ਸਥਾਨ ’ਤੇ ਰਹੇ। ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਨੇ ਏਸ਼ੀਆਈ ਰਿਕਾਰਡ ਤੋੜਿਆ ਪਰ ਫਿਰ ਵੀ ਫਾਈਨਲ ’ਚ ਥਾਂ ਬਣਾਉਣ ਵਿਚ ਅਸਫਲ ਰਹੀ, ਜਿਸ ਤੋਂ ਪਤਾ ਲੱਗਦਾ ਹੈ ਕਿ ਓਲੰਪਿਕ ’ਚ ਮੁਕਾਬਲਾ ਕਿੰਨਾ ਸਖ਼ਤ ਹੁੰਦਾ ਹੈ। ਅਵਿਨਾਸ਼ ਸਾਬਲੇ ਇਕ ਹੋਰ ਭਾਰਤੀ ਸਨ, ਜਿਨ੍ਹਾਂ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ’ਚ ਆਪਣੇ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਬਣਾਇਆ ਪਰ ਉਹ ਫਾਈਨਲ ’ਚ ਥਾਂ ਬਣਾਉਣ ’ਚ ਅਸਫਲ ਰਹੇ, ਜਦਕਿ ਦੌੜਾਕ ਦੁੱਤੀ ਚੰਦ ਨੇ ਨਿਰਾਸ਼ ਕੀਤਾ।
ਹਿਮਾ ਦਾਸ ਵੀ ਖੇਡਾਂ ਲਈ ਕੁਆਲੀਫਾਈ ਨਹੀਂ ਕਰ ਸਕੀ। ਇਸ ਸਾਲ ਵੀ ਭਾਰਤੀ ਨੌਜਵਾਨ ਐਥਲੀਟਾਂ ਨੇ ਕੀਨੀਆ ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਚੰਗਾ ਪ੍ਰਦਰਸ਼ਨ ਕੀਤਾ। ਲੰਬੀ ਛਾਲ ਐਥਲੀਟ ਸ਼ੈਲੀ ਸਿੰਘ, ਅੰਜੂ ਬੌਬੀ ਜਾਰਜ ਦੇ ਚੇਲੇ ਅਤੇ 10,000 ਮੀਟਰ ਵਾਕਰ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ। ਬੇਲਾਰੂਸ ਦੇ ਮੱਧ ਅਤੇ ਲੰਬੀ ਦੂਰੀ ਦੇ ਦੌੜਨ ਵਾਲੇ ਕੋਚ ਨਿਕੋਲਾਈ ਸਨੇਸਾਰੇਵ ਦੀ ਐੱਨ.ਆਈ.ਐੱਸ. ਪਟਿਆਲਾ ਵਿਖੇ ਇਕ ਮੁਕਾਬਲੇ ਤੋਂ ਇਕ ਘੰਟਾ ਪਹਿਲਾਂ ਮੌਤ ਹੋ ਗਈ। ਏਸ਼ੀਅਨ ਖੇਡਾਂ 1951 ਦੇ ਤਮਗਾ ਜੇਤੂ ਅਤੇ ਓਲੰਪਿਕ 1952 ’ਚ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਸੂਰਤ ਸਿੰਘ ਮਾਥੁਰ ਦਾ ਵੀ ਇਸ ਸਾਲ ਕੋਵਿਡ-19 ਕਾਰਨ ਦੇਹਾਂਤ ਹੋ ਗਿਆ ਸੀ। ਪੀ.ਟੀ. ਊਸ਼ਾ ਦੇ ਸਲਾਹਕਾਰ ਅਤੇ ਅਨੁਭਵੀ ਕੋਚ ਓ.ਪੀ. ਨਾਂਬੀਆਰ ਨੇ ਵੀ ਇਸ ਸਾਲ ਆਖਰੀ ਸਾਹ ਲਏ। ਉਨ੍ਹਾਂ ਨੂੰ ਸਾਲ ਦੀ ਸ਼ੁਰੂਆਤ ’ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ