ਅੰਮ੍ਰਿਤਸਰ ''ਚ ਤਸਕਰੀ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

Thursday, Oct 23, 2025 - 06:26 PM (IST)

ਅੰਮ੍ਰਿਤਸਰ ''ਚ ਤਸਕਰੀ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇਕ ਡਰੱਗ ਸਰਗਨਾ ਨੂੰ 5.025 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰ ਦੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜਪਾਲ ਸਿੰਘ (25) ਵਜੋਂ ਹੋਈ ਹੈ, ਜੋ ਕਿ ਛੇਹਰਟਾ, ਅੰਮ੍ਰਿਤਸਰ ਵਿਚ ਮਜੀਦ ਬਿਲਡਿੰਗ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : Fake Videos ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਅਵਾ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ, ਪਾਕਿਸਤਾਨੀ ਹੈਂਡਲਰ ਵੱਲੋਂ ਸੰਚਾਲਿਤ ਇਕ ਸਰਹੱਦ ਪਾਰ ਦਾ ਨੈੱਟਵਰਕ ਚਲਾ ਰਿਹਾ ਸੀ ਅਤੇ ਡੇਰਾ ਬਾਬਾ ਨਾਨਕ ਸੈਕਟਰ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ। ਇਸ ਮਾਮਲੇ ਵਿਚ ਅਗਲੇ ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਗਸਤ 2025 ਵਿਚ ਇਕ ਨਸ਼ਾ ਤਸਕਰ ਲੱਕੀ ਨੂੰ 3 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਮਾਮਲੇ ਦੇ ਅਗਲੇ- ਪਿਛਲੇ ਸਬੰਧਾਂ ਦੀ ਜਾਂਚ ਦੌਰਾਨ, ਪੁਲਸ ਟੀਮਾਂ ਨੇ ਰਾਜਪਾਲ ਸਿੰਘ ਦੀ ਸ਼ਮੂਲੀਅਤ ਪਾਈ , ਜਿਸ ਕਾਰਨ ਉਸਨੂੰ ਐਫਆਈਆਰ ਵਿਚ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ, 19 ਅਕਤੂਬਰ ਨੂੰ ਪੁਲਸ ਟੀਮਾਂ ਨੇ ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਖੁਲਾਸੇ ਅਤੇ ਸ਼ਨਾਖ਼ਤ ਤੋਂ ਬਾਅਦ 5.025 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ।

ਇਹ ਵੀ ਪੜ੍ਹੋ : ਪੰਜਾਬ : ਖਾਲ੍ਹੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਏ ਨਵੇਂ ਹੁਕਮ

ਸੀ.ਪੀ. ਨੇ ਕਿਹਾ ਕਿ ਦੋਸ਼ੀ ਰਾਜਪਾਲ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਛੁਪਾਉਣ ਲਈ ਕੱਪੜਿਆਂ ਨਾਲ ਭਰੇ ਬੈਗਾਂ ਦੀ ਵਰਤੋਂ ਕਰ ਰਿਹਾ ਸੀ ਅਤੇ ਉਨ੍ਹਾਂ ਬੈਗਾਂ ਨੂੰ ਸੁਰੱਖਿਅਤ ਢੰਗ ਨਾਲ ਟਿਕਾਣੇ ‘ਤੇ ਭੇਜਣ ਲਈ ਬੱਸਾਂ ਰਾਹੀਂ ਜਲੰਧਰ ਅਤੇ ਲੁਧਿਆਣਾ ਸਮੇਤ ਵੱਖ-ਵੱਖ ਬੱਸ ਅੱਡਿਆਂ `ਤੇ ਪਹੁੰਚਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਬੀ, 21-ਸੀ, 27-ਏ ਅਤੇ 29 ਤਹਿਤ ਐਫਆਈਆਰ ਨੰਬਰ 151 ਮਿਤੀ 07-08-2025 ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਧਿਆਨ ਦੇਣ, ਪੰਜ ਜ਼ਿਲਿਆਂ ਵਿਚ ਬੱਸਾਂ ਦਾ ਚੱਕਾ ਜਾਮ


author

Gurminder Singh

Content Editor

Related News