ਬੂਟ ਖਰੀਦਣ ਦੇ ਵੀ ਪੈਸੇ ਨਹੀਂ ਸੀ, ਇਸ ਤਰ੍ਹਾਂ ਬਣੇ ਤਜਿੰਦਰ ਚੈਂਪੀਅਨ
Sunday, Aug 26, 2018 - 03:23 PM (IST)

ਜਕਾਰਤਾ : ਐਥਲੀਟ ਤਜਿੰਦਰ ਪਾਲ ਸਿੰਘ ਤੂਰ ਨੇ ਸ਼ਨਿਵਾਰ ਨੂੰ ਏਸ਼ੀਆਈ ਖੇਡਾਂ ਦੇ ਸ਼ਾਟਪੁਟ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕਰ ਕੇ ਸੁਨਿਹਰਾ ਇਤਿਹਾਸ ਲਿਖ ਦਿੱਤਾ ਹੈ। ਤਜਿੰਦਰ ਪਾਲ ਨੇ ਸੋਨ ਤਮਗਾ ਜਿੱਤਣ ਦੇ ਨਾਲ-ਨਾਲ ਨਵਾਂ ਰਾਸ਼ਟਰੀ ਰਿਕਾਰਡ ਵੀ ਸੈੱਟ ਕੀਤਾ ਹੈ ਪਰ 23 ਸਾਲਾਂ ਇਸ ਐਥਲੀਟ ਦੀ ਇਹ ਕਾਮਯਾਬੀ ਦੀ ਰਾਹ ਆਸਾਨ ਨਹੀਂ ਰਹੀ ਸੀ। ਇਸ ਖੇਡ ਲਈ ਜਿਨ੍ਹਾਂ ਬੂਟਾਂ ਦਾ ਇਸਤੇਮਾਲ ਹੁੰਦਾ ਹੈ ਉਸ ਦੀ ਸ਼ੁਰੂਆਤੀ ਕੀਮਤ 10,000 ਹੁੰਦੀ ਹੈ ਅਤੇ ਇਹ ਬੂਟ 2 ਮਹੀਨੇ ਤੋਂ ਵੱਧ ਨਹੀਂ ਚਲ ਸਕਦੇ। ਕਿਸੇ ਕਿਸਾਨ ਪਰਿਵਾਰ ਲਈ ਸ਼ਾਟਪੁਟ ਦੇ ਖੇਡ ਲਈ ਜ਼ਰੂਰੀ ਸਾਜ਼ੋ-ਸਾਮਾਨ ਖਰੀਦਣਾ ਆਸਾਨ ਕੰਮ ਨਹੀਂ ਹੁੰਦਾ। ਤਜਿੰਦਰ ਪਾਲ ਦੇ ਚਾਚਾ ਗੁਰੂਦੇਵ ਸਿੰਘ ਨੇ ਇਸ ਖਿਡਾਰੀ ਦੀ ਸਾਰੀਆਂ ਚੁਣੌਤੀਆਂ ਨੂੰ ਦੱਸਿਆ।
ਜ਼ਿੰਦਗੀ ਦੀ ਜੰਗ ਲਡ਼ ਰਹੇ ਹਨ ਪਿਤਾ
ਇਸ ਤੋਂ ਇਲਾਵਾ ਤਜਿੰਦਰ ਦੇ ਪਿਤਾ 2015 ਤੋਂ ਕੈਂਸਰ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਸਕਿਨ ਕੈਂਸਰ ਹੋਇਆ ਸੀ ਅਤੇ ਇਸ ਦੇ ਇਲਾਜ ਦੇ ਲਈ ਇਕ ਸਰਜਰੀ ਹੀ ਕਾਫੀ ਸੀ ਪਰ ਇਕ ਸਾਲ ਬਾਅਦ ਉਸ ਦੇ ਪਿਤਾ ਨੂੰ ਬੋਨ ਕੈਂਸਰ ਹੋ ਗਿਆ ਜੋ ਚੌਥੀ ਸਟੇਜ 'ਤੇ ਸੀ। ਇਹ ਕੈਂਸਰ ਫੈਲਦੇ ਹੋਏ ਉਨ੍ਹਾਂ ਦੇ ਦਿਮਾਗ ਤਾ ਜਾ ਪੁੱਜਾ। ਤਜਿੰਦਰ ਭਾਰਤੀ ਨੇਵੀ 'ਚ ਨੌਕਰੀ ਕਰਦੇ ਹਨ ਇਸ ਲਈ ਉਸ ਦੇ ਪਿਤਾ ਦੇ ਇਲਾਜ ਦਾ ਸਾਰਾ ਖਰਚਾ ਨੇਵੀ ਹੀ ਚੁੱਕ ਰਹੀ ਹੈ। ਨੇਵੀ ਵਲੋਂ ਬਿਮਾਰ ਪਿਤਾ ਦੇ ਇਲਾਜ ਦਾ ਖਰਚ ਚੁੱਕਣ ਕਾਰਨ ਤਜਿੰਦਰ ਨੂੰ ਆਪਣਾ ਧਿਆਨ ਖੇਡ ਵਲ ਕਰਨ ਲਈ ਮਦਦ ਮਿਲੀ। ਤਜਿੰਦਰ ਦੇ ਪਿਤਾ ਇਨ੍ਹਾਂ ਦਿਨਾ ਪੰਚਕੁਲਾ ਦੇ ਕਮਾਂਡ ਹਸਪਤਾਲ 'ਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਹਾਲਾਤਾਂ 'ਚ ਸੋਨ ਤਮਗਾ ਜਿੱਤਣਾ ਉਸ ਦੇ ਲਈ ਬੇਹੱਦ ਖਾਸ ਹੈ।
ਬੇਹੱਦ ਸਾਧਾਰਣ ਪਰਿਵਾਰ ਤੋਂ ਹਨ ਤਜਿੰਦਰ
ਪੰਜਾਬ ਪੁਲਸ 'ਚ ਨੌਕਰੀ ਕਰ ਰਹੇ ਤਜਿੰਦਰ ਦੇ ਚਾਚਾ ਨੇ ਦੱਸਿਆ ਕਿ ਤਜਿੰਦਰ ਅਤੇ ਉਸ ਦਾ ਪਰਿਵਾਰ ਮੋਗਾ ਦੇ ਖੋਸਾ ਪਾਂਡੋ ਪਿੰਡ ਦੇ ਕਿਸਾਨ ਪਰਿਵਾਰ ਤੋਂ ਆਉਂਦੇ ਹਨ। ਉਸ ਦੇ ਪਿਤਾ ਅਤੇ ਰਿਸ਼ਤੇਦਾਰ ਸਾਰੇ ਕਿਸਾਨ ਹਨ। ਅਜਿਹੇ 'ਚ ਪਰਿਵਾਰ ਦੀ ਕਮਾਈ ਦਾ ਸਾਧਨ ਸੀਮਿਤ ਸੀ ਅਤੇ ਉਸ ਲਈ ਸ਼ਾਟਪੁਟ ਦਾ ਖਿਡਾਰੀ ਬਣਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਤਜਿੰਦਰ ਦੇ ਕੋਚ ਮਹਿੰਦਰ ਸਿੰਘ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਦੇ ਹਨ ਕਿ ਇਕ ਸ਼ਾਟਪੁਟਰ ਨੂੰ ਖਿਡਾਰੀ ਦੇ ਰੂਪ 'ਚ ਸਥਾਪਤ ਕਰਨਾ ਕਿੰਨਾ ਚੁਣੌਤੀਪੂਰਨ ਹੁੰਦਾ ਹੈ। ਜਿਵੇਂ-ਜਿਵੇਂ ਉਹ ਆਪਣੇ ਖੇਡ 'ਚ ਅਗਲੇ ਪੱਧਰ 'ਤੇ ਜਾਂਦਾ ਹੈ ਤਾਂ ਉਸਦਾ ਖਰਚਾ ਵੀ ਵੱਧ ਜਾਂਦਾ ਹੈ। ਤੁਹਾਨੂੰ ਚੰਗੇ ਜਿੰਮ ਦੀ ਜ਼ਰੂਰਤ ਹੁੰਦੀ ਹੈ, ਬਿਹਤਰ ਡਾਈਟ ਅਤੇ ਚੰਗੇ ਬੂਟਾਂ ਦੀ ਲੋੜ ਹੁੰਦੀ ਹੈ।
ਬੂਟ ਖਰੀਦਣ ਦੇ ਵੀ ਪੈਸੇ ਨਹੀਂ ਸਨ
ਤਜਿੰਦਰ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ 2006 'ਚ ਇਸ ਖੇਡ ਦੀ ਸ਼ੁਰੂਆਤ ਕੀਤੀ। ਜਦੋਂ ਮੈਂ ਇਸ ਖੇਡ 'ਚ ਬਿਹਤਰ ਕਰਨਾ ਸ਼ੁਰੂ ਕੀਤਾ, ਤਾਂ ਫਿਰ ਮੈਂ ਕੌਮਾਂਤਰੀ ਪੱਧਰ ਤੱਕ ਪਹੁੰਚਾ ਪਰ ਆਪਣੇ ਖੇਡ ਨੂੰ ਬਰਕਰਾਰ ਰੱਖਣ ਲਈ ਜੋ ਖਰਚਾਂ ਚਾਹੀਦਾ ਸੀ ਉਹ ਮੇਰੇ ਵੱਸੋਂ ਬਾਹਰ ਸੀ। ਉੱਚ ਪੱਧਰ ਦੀ ਖੇਡ ਲਈ ਬੂਟ, ਦੂਜੇ ਸਾਜੋਂ-ਸਾਮਾਨ ਅਤੇ ਟ੍ਰੇਨਿੰਗ ਇਨ੍ਹਾਂ ਸਭ ਦਾ ਖਰਚਾ ਮਹੀਨੇ ਦਾ ਕਰੀਬ 50 ਹਜ਼ਾਰ ਤੱਕ ਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਾਟਪੁਟਰ ਨੂੰ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਜਿਸ ਲਈ ਡਾਈਟ-ਰੂਟੀਨ, ਹਾਈ ਕੁਆਲਟੀ ਸਪਲੀਮੈਂਟਸ ਜ਼ਰੂਰੀ ਹੁੰਦੇ ਹਨ। ਇਨ੍ਹਾਂ ਸਭ ਲਈ ਕਾਫੀ ਪੈਸਿਆਂ ਦੀ ਲੋੜ ਹੁੰਦੀ ਹੈ। ਤਜਿੰਦਰ ਦੇ ਚਾਚਾ ਗੁਰੂਦੇਵ ਮੰਨਦੇ ਹਨ ਕਿ ਇਨ੍ਹਾਂ ਹਾਲਾਤਾਂ 'ਚ ਤਜਿੰਦਰ ਨੂੰ ਮੈਂ ਕਿਸਮਤ ਵਾਲਾ ਸਮਝਦਾ ਹਾਂ ਕਿ ਉਹ ਭਾਰਤੀ ਨੇਵੀ 'ਚ ਨੌਕਰੀ ਕਰਦੇ ਹਨ ਜਿਸ ਕਾਰਨ ਉਸ ਦੇ ਪਿਤਾ ਦਾ ਸਾਰਾ ਖਰਚ ਨੇਵੀ ਚੁੱਕ ਰਹੀ ਹੈ। ਇਸੇ ਕਾਰਨ ਹੀ ਤਜਿੰਦਰ ਪਾਲ ਆਪਣੀ ਖੇਡ ਨੂੰ ਸਮਾਂ ਦੇ ਸਕੇ ਜਿਸ ਦਾ ਨਤੀਜਾ ਉਸ ਨੇ ਭਾਰਤ ਦੇ ਲਈ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਹੈ।