ਏ. ਟੀ. ਐੱਮ. ''ਚ ਪੈਸੇ ਕਢਵਾਉਣ ਗਏ ਸਾਬਕਾ ਸੈਨਿਕ ਨਾਲ ਹੋ ਗਈ ਵੱਡੀ ਠੱਗੀ

Wednesday, Sep 17, 2025 - 04:58 PM (IST)

ਏ. ਟੀ. ਐੱਮ. ''ਚ ਪੈਸੇ ਕਢਵਾਉਣ ਗਏ ਸਾਬਕਾ ਸੈਨਿਕ ਨਾਲ ਹੋ ਗਈ ਵੱਡੀ ਠੱਗੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਇਲਾਕੇ ਅੰਦਰ ਜਿੱਥੇ ਨਿੱਤ ਦਿਨ ਲੋਕਾਂ ਨਾਲ ਠੱਗੀ ਧੋਖਾਧੜੀ ਸਮੇਤ ਲੁੱਟਖੋਹ ਦੇ ਮਾਮਲੇ ਵੱਧਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਲੋਕਾਂ ਨੂੰ ਇਨ੍ਹਾਂ ਮਨਚੱਲੇ ਅਪਰਾਧੀਆਂ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦ ਇਕ ਸਾਬਕਾ ਸੈਨਿਕ ਸੂਬੇਦਾਰ ਆਸ਼ਾ ਨੰਦ ਸੈਣੀ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸਦਾ ਪਤਾ ਉਦੋਂ ਲੱਗਿਆ ਜਦੋਂ ਉਹ ਜੀਟੀ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਵਿਚ ਸਥਿਤ ਇਕ ਏਟੀਐਮ ਤੋਂ ਆਪਣੀ ਪੈਨਸ਼ਨ ਕਢਵਾਉਣ ਗਿਆ ਸੀ।

ਆਸ਼ਾ ਨੰਦ ਸੈਣੀ ਨੇ ਦੱਸਿਆ ਕਿ ਉਸਨੇ ਏਟੀਐੱਮ ਵਿਚੋਂ 10,000 ਰੁਪਏ ਕਢਵਾਏ ਹੀ ਸਨ ਕਿ ਦੋ ਨੌਜਵਾਨ ਏਟੀਐੱਮ  ਵਿਚ ਦਾਖਲ ਹੋਏ ਅਤੇ ਉਸਨੂੰ ਇਹ ਕਹਿੰਦੇ ਹੋਏ ਰੋਕਿਆ ਕਿ ਉਸਨੂੰ ਉਸਦੇ ਲੈਣ-ਦੇਣ ਦੀ ਪਰਚੀ ਨਹੀਂ ਮਿਲੀ ਹੈ ਅਤੇ ਇਹ ਪਰਚੀ ਲੈਣੀ ਲਾਜ਼ਮੀ ਹੁੰਦੀ ਹੈ। ਉਨ੍ਹਾਂ 'ਤੇ ਭਰੋਸਾ ਕਰਦੇ ਹੋਏ ਸਾਬਕਾ ਸੈਨਿਕ ਸਹਿਮਤ ਹੋ ਗਿਆ। ਧੋਖੇਬਾਜ਼ਾਂ ਨੇ ਚਲਾਕੀ ਨਾਲ ਉਸਨੂੰ ਮਸ਼ੀਨ ਵਿਚ ਆਪਣਾ ਏਟੀਐਮ ਕਾਰਡ ਪਾਉਣ ਅਤੇ ਆਪਣਾ ਪਿੰਨ ਕੋਡ ਦਰਜ ਕਰਨ ਲਈ ਮਜਬੂਰ ਕੀਤਾ। ਇਸ ਦੌਰਾਨ ਉਨ੍ਹਾਂ ਮਨਚਲਿਆਂ ਨੇ ਗੁਪਤ ਤਰੀਕੇ ਨਾਲ ਆਪਣਾ ਕਾਰਡ ਬਦਲ ਦਿੱਤਾ ਅਤੇ ਉਸਨੂੰ ਕਿਸੇ ਹੋਰ ਦਾ ਏਟੀਐਮ ਕਾਰਡ ਦੇ ਦਿੱਤਾ। ਜਦੋਂ ਸਾਬਕਾ ਸੈਨਿਕ ਪੈਸੇ ਅਤੇ ਪਰਚੀ ਲੈ ਕੇ ਆਪਣੇ ਘਰ ਵਾਪਸ ਆਇਆ, ਤਾਂ ਉਹ ਆਪਣੇ ਮੋਬਾਈਲ ਫੋਨ 'ਤੇ ਬੈਂਕ ਤੋਂ ਇਕ ਮੈਸੇਜ ਦੇਖ ਕੇ ਹੈਰਾਨ ਰਹਿ ਗਿਆ ਜਿਸ ਵਿਚ 10,000 ਰੁਪਏ ਕਢਵਾਉਣ ਤੋਂ ਤੁਰੰਤ ਬਾਅਦ ਉਸਦੇ ਖਾਤੇ ਵਿਚੋਂ ਲਗਾਤਾਰ 15,000, 21,000 ਅਤੇ 4,000 ਹਜ਼ਾਰ ਰੁਪਏ ਦੀ ਵਾਧੂ ਰਕਮ ਕਢਵਾਈ ਗਈ ਸੀ।

ਇਸ ਦੌਰਾਨ ਉਹ ਘਬਰਾਹਟ ਵਿਚ ਤੁਰੰਤ ਬੈਂਕ ਪਹੁੰਚਿਆ ਅਤੇ ਮੈਨੇਜਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਾਂਚ ਵਿਚ ਪਤਾ ਲੱਗਾ ਕਿ ਉਸਦੇ ਹੱਥ ਵਿਚ ਏਟੀਐਮ ਕਾਰਡ ਉਸਦਾ ਨਹੀਂ, ਕਿਸੇ ਹੋਰ ਦਾ ਸੀ। ਬੈਂਕ ਮੈਨੇਜਰ ਨੇ ਪਹਿਲਾਂ ਪੈਸੇ ਕਢਵਾਉਣ ਤੋਂ ਰੋਕਣ ਲਈ ਤੁਰੰਤ ਖਾਤੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ। ਸਾਬਕਾ ਸੈਨਿਕ ਨੇ ਤੁਰੰਤ ਇਸ ਘਟਨਾ ਸੰਬੰਧੀ ਦੀਨਾਨਗਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ। ਉਸਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ  ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ। 


author

Gurminder Singh

Content Editor

Related News