ਹੜ੍ਹ ਪੀੜਤਾਂ ਲਈ ਮਸੀਹਾ ਬਣੇ ਡਾ. ਓਬਰਾਏ, ਲਗਾਤਾਰ ਜਾਰੀ ਹੈ ਮਦਦ
Friday, Sep 12, 2025 - 05:35 PM (IST)

ਅੰਮ੍ਰਿਤਸਰ/ਅਜਨਾਲਾ : ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਨਿਰੰਤਰ ਸੇਵਾ ਕਾਰਜ ਨਿਭਾਅ ਰਹੇ ਲੋੜਵੰਦਾਂ ਦੇ ਮਸੀਹੇ ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਤਿੰਨ ਪਿੰਡਾਂ ਅੰਦਰ ਕਰੀਬ 30 ਕੁਇੰਟਲ ਸੁੱਕਾ ਰਾਸ਼ਨ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਅਤੇ ਐੱਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਦੀ ਮੌਜੂਦਗੀ ਵਿਚ ਵੰਡਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਅਤੇ ਐੱਸ.ਡੀ.ਐੱਮ.ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਅਜਨਾਲਾ ਖੇਤਰ ਦੇ ਬਹੁਤ ਸਾਰੇ ਪਿੰਡ ਇਸ ਸਮੇਂ ਹੜ੍ਹਾਂ ਕਾਰਨ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪ੍ਰਸ਼ਾਸਨ ਨੂੰ ਵੱਡਾ ਸਹਿਯੋਗ ਦੇ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਹੜ੍ਹ ਪ੍ਰਭਾਵਿਤ ਪਿੰਡ ਨੰਗਲ ਸੋਹਲ, ਗੱਗੜ ਤੇ ਪੰਜਗਰਾਈਂ ਵਾਹਲਾ ਦੇ ਵਸਨੀਕਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ.ਸਿੰਘ ਓਬਰਾਏ ਦੇ ਵੱਡੇ ਸਹਿਯੋਗ ਨਾਲ ਸੁੱਕਾ ਰਾਸ਼ਨ ਵੰਡਿਆ ਗਿਆ ਹੈ। ਇਸ ਉਪਰਾਲੇ ਲਈ ਉਨ੍ਹਾਂ ਡਾ. ਓਬਰਾਏ ਦੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਸਮੁੱਚੇ ਸੇਵਾ ਕਾਰਜ ਸ਼ਲਾਘਾਯੋਗ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਬਾਬਾ ਜਗਜੀਤ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਹੜ੍ਹ ਪੀੜਤਾਂ ਨੂੰ ਗੱਦੇ ਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਗਿਆ।
ਇਸ ਦੌਰਾਨ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਖਜ਼ਾਨਚੀ ਨਵਜੀਤ ਘਈ ਨੇ ਦੱਸਿਆ ਕਿ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਅੱਜ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਦੇ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦਾ ਚਾਰਾ, ਦਵਾਈਆਂ,ਫੌਗਿੰਗ ਮਸ਼ੀਨਾਂ,ਮੱਛਰਦਾਨੀਆਂ ਤੇ ਤਰਪਾਲਾਂ ਆਦਿ ਸਮਾਨ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤਹਿਸੀਲਦਾਰ ਅਜਨਾਲਾ ਅਮਿਤਾਬ ਤਿਵਾੜੀ,ਤਹਿਸੀਲਦਾਰ ਆਸ਼ੀਸ਼ਪਾਲ ਸਿੰਗਲਾ ਸਮੇਤ ਹੋਰ ਅਧਿਕਾਰੀ ਤੇ ਇਲਾਕਾ ਨਿਵਾਸੀ ਮੌਜੂਦ ਸਨ।